ਸ੍ਰੀ ਚਮਕੌਰ ਸਾਹਿਬ, 13 ਮਈ (ਜਗਮੋਹਣ ਸਿੰਘ ਨਾਰੰਗ)- 'ਅਧਿਆਪਕਾਂ ਦੇ ਰੁਤਬੇ ਦੀ ਮਹਿਮਾ ਵਿਸ਼ਾਲ ਹੈ, ਇਹ ਇਸ ਲਈ ਅਮਰ ਕਿੱਤਾ ਹੁੰਦਾ ਹੈ, ਕਿਉਂਕਿ ਇੱਕ ਪ੍ਰਤੀਬੱਧ-ਅਧਿਆਪਕ, ਆਪਣੇ ਸ਼ਾਗਿਰਦਾਂ ਰਾਹੀਂ ਸਦਾ ਚਿਰ ਜਿਊਾਦਾ ਰਹਿੰਦਾ ਹੈ | ਸਮਾਜ ਵਿਚ ਵਿਅਕਤੀ ਵਿਸ਼ੇਸ਼ ਦੀ ਸ਼ੋਭਾ ਜਾਂ ਬੁਰਾਈ ਦਾ ਪੈਮਾਨਾ ਹੀ ਇਹ ਹੁੰਦਾ ਹੈ ਕਿ ਉਸ ਨੂੰ ਕਿਹੜੇ ਅਧਿਆਪਕਾਂ ਨੇ ਪੜ੍ਹਾਇਆ ਸੀ?' ਇਹ ਵਿਚਾਰ ਕੇਂਦਰੀ ਰਾਖਵੇਂ ਪੁਲਿਸ ਬਲ ਦੇ ਸਾਬਕਾ ਅਡੀਸ਼ਨਲ ਡਾਇਰੈਕਟਰ ਜਨਰਲ ਜਸਵੀਰ ਸਿੰਘ ਗਿੱਲ ਨੇ ਪ੍ਰਗਟ ਕੀਤੇ | ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਸਟਾਫ਼ ਮੈਂਬਰਾਂ ਨੂੰ 'ਅਧਿਆਪਨ-ਪ੍ਰਤੀਬੱਧਤਾ' ਵਿਸ਼ੇ 'ਤੇ ਕਰਵਾਏ ਗਏ ਵਿਸ਼ੇਸ਼-ਸੈਮੀਨਾਰ ਦੌਰਾਨ ਸੰਬੋਧਨ ਹੋ ਰਹੇ ਸਨ | ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਮੌਜੂਦਾ ਸੋਸ਼ਲ-ਮੀਡੀਆ ਦੇ ਸਮੇਂ ਵਿਚ, ਜਦੋਂ ਵਿਦਿਆਰਥੀ ਖਿੰਡਾਵਾਂ ਦੇ ਸ਼ਿਕਾਰ ਹਨ ਤਾਂ ਸਿੱਖਿਆ ਦੇਣਾ ਵੀ ਚੁਣੌਤੀ ਬਣ ਚੁੱਕਿਆ ਹੈ | ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੰਭਾਲ ਤੇ ਅਗਵਾਈ ਇੱਕ ਅਜਿਹਾ ਕਾਰਜ ਹੈ ਕਿ ਜੇਕਰ ਇਸ ਵਿਚ ਸਿੱਖਿਆ ਸਮੇਂ ਦੌਰਾਨ ਕਸਰ ਰਹਿ ਜਾਵੇ ਤਾਂ ਸਾਰੀ ਉਮਰ ਇਸਦੀ ਭਰਪਾਈ ਸੰਭਵ ਨਹੀਂ ਹੁੰਦੀ | ਪਿ੍ੰਸੀਪਲ ਕਰਨਜੋਤ ਕੌਰ ਨੇ ਕਿਹਾ ਕਿ ਸਾਡਾ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਖ਼ੁਦ ਸਿਆਣੀ ਸ਼ਕਤੀ ਬਣੀਏ, ਆਪਣੇ ਸ਼ਗਿਰਦਾਂ 'ਤੇ ਸਿਆਣੀ ਸਖਤੀ ਵੀ ਕਰੀਏ ਤੇ ਉਨ੍ਹਾਂ ਦੀ ਝੰਭੀ ਹੋਈ ਮਾਨਸਿਕਤਾ ਦਾ ਲਿਹਾਜ ਵੀ ਕਰੀਏ | ਪ੍ਰਾਇਮਰੀ ਵਿੰਗ ਦੀ ਇੰਚਾਰਜ ਬੇਅੰਤ ਕੌਰ ਨੇ ਸਟਾਫ਼ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ | ਸੈਮੀਨਰ ਵਿਚ ਪ੍ਰਬੰਧਕੀ ਕਮੇਟੀ ਮੈਂਬਰ ਗੁਰਪ੍ਰੀਤ ਭੰਗੂ, ਵਰਿੰਦਰ ਕੌਰ, ਗਗਨਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਬੀਰ ਨਾਨਕ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਕੌਰ, ਸਰਬਜੀਤ ਕੌਰ ਆਦਿ ਸ਼ਾਮਲ ਸਨ |