ਐੱਸ. ਏ. ਐੱਸ. ਨਗਰ, 26 ਮਈ (ਕਪਿਲ ਵਧਵਾ)-ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੇਸ਼ ਦੇ ਵੱਡੇ ਸ਼ਹਿਰਾਂ ਲਈ ਹਵਾਈ ਕੁਨੈਕਟੀਵਿਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ | ਏਅਰ ਇੰਡੀਆ ਐਕਸਪ੍ਰੈੱਸ ਵਲੋਂ 1 ਜੂਨ ਤੋਂ ਪੁਣੇ ਅਤੇ ਬੈਂਗਲੁਰੂ ਲਈ ਨਵੀਆਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਏਅਰਲਾਈਨ ਨੇ ਇਨ੍ਹਾਂ ਉਡਾਣਾਂ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ | ਨਵੀਂ ਵਿਵਸਥਾ ਅਨੁਸਾਰ ਚੰਡੀਗੜ੍ਹ ਅਤੇ ਪੁਣੇ (ਮਹਾਰਾਸ਼ਟਰ) ਦਰਮਿਆਨ ਏਅਰ ਇੰਡੀਆ ਐਕਸਪ੍ਰੈੱਸ ਦੀ ਰੋਜ਼ਾਨਾ ਉਡਾਣ ਚੱਲੇਗੀ | ਜਾਣਕਾਰੀ ਅਨੁਸਾਰ ਇਹ ਫਲਾਈਟ ਰਾਤ 12:45 ਵਜੇ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਸਵੇਰੇ ਕਰੀਬ 3:10 ਵਜੇ ਪੁਣੇ ਪਹੁੰਚੇਗੀ | ਵਾਪਸੀ ਦੌਰਾਨ ਜਹਾਜ਼ ਪੁਣੇ ਤੋਂ ਤੜਕੇ 3:45 ਵਜੇ ਉਡਾਣ ਭਰੇਗਾ ਅਤੇ ਸਵੇਰੇ 6:05 ਵਜੇ ਚੰਡੀਗੜ੍ਹ ਪਹੁੰਚੇਗਾ | ਏਅਰਪੋਰਟ ਅਧਿਕਾਰੀਆਂ ਮੁਤਾਬਿਕ ਸਮਰ ਸ਼ਡਿਊਲ ਤਹਿਤ ਮੁਹਾਲੀ ਸਥਿਤ ਏਅਰਪੋਰਟ ਤੋਂ ਅੱਧੀ ਰਾਤ ਤੋਂ ਬਾਅਦ ਚੱਲਣ ਵਾਲੀ ਇਹ ਪਹਿਲੀ ਨਿਯਮਿਤ ਫਲਾਈਟ ਹੋਵੇਗੀ | ਇਸ ਨਾਲ ਦੇਰ ਰਾਤ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ | ਇਸੇ ਤਰ੍ਹਾਂ ਚੰਡੀਗੜ੍ਹ ਅਤੇ ਬੈਂਗਲੁਰੂ ਵਿਚਕਾਰ ਹਵਾਈ ਸੇਵਾ ਨੂੰ ਵੀ ਹੋਰ ਮਜ਼ਬੂਤ ਕੀਤਾ ਗਿਆ ਹੈ | ਨਵੀਂ ਫਲਾਈਟ ਸਵੇਰੇ 6:40 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ ਅਤੇ ਸਵੇਰੇ 9:55 ਵਜੇ ਕੈਂਪੇਗੋੜਾ ਅੰਤਰਰਾਸ਼ਟਰੀ ਏਅਰਪੋਰਟ (ਬੈਂਗਲੁਰੂ) ਦੇ ਟਰਮੀਨਲ-2 'ਤੇ ਪਹੁੰਚੇਗੀ | ਵਾਪਸੀ ਦੌਰਾਨ ਇਹ ਫਲਾਈਟ ਰਾਤ 9:15 ਵਜੇ ਬੈਂਗਲੁਰੂ ਤੋਂ ਰਵਾਨਾ ਹੋ ਕੇ ਰਾਤ 12:15 ਵਜੇ ਚੰਡੀਗੜ੍ਹ ਪਹੁੰਚੇਗੀ | ਨਵੀਂ ਸੇਵਾ ਸ਼ੁਰੂ ਹੋਣ ਤੋਂ ਬਾਅਦ ਮੁਹਾਲੀ ਸਥਿਤ ਏਅਰਪੋਰਟ ਅਤੇ ਬੈਂਗਲੁਰੂ ਵਿਚਕਾਰ ਰੋਜ਼ਾਨ ਕੁੱਲ ਪੰਜ ਨਾਨ-ਸਟਾਪ ਫਲਾਈਟਾਂ ਚੱਲਣਗੀਆਂ | ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪਹਿਲਕਦਮੀ ਨਾਲ ਯਾਤਰੀਆਂ ਦੀ ਵੱਧ ਰਹੀ ਗਿਣਤੀ ਨੂੰ ਸੰਭਾਲਣ 'ਚ ਮਦਦ ਮਿਲੇਗੀ | ਮੌਜੂਦਾ ਸਮੇਂ ਚੰਡੀਗੜ੍ਹ ਅਤੇ ਪੁਣੇ ਵਿਚਕਾਰ ਇੰਡੀਗੋ ਦੀ ਇਕ ਸਿੱਧੀ ਉਡਾਣ ਚੱਲ ਰਹੀ ਹੈ | ਏਅਰ ਇੰਡੀਆ ਐਕਸਪ੍ਰੈੱਸ ਦੀ ਨਵੀਂ ਸੇਵਾ ਸ਼ੁਰੂ ਹੋਣ ਨਾਲ ਇਸ ਰੂਟ 'ਤੇ ਮੁਕਾਬਲਾ ਵਧੇਗਾ ਅਤੇ ਯਾਤਰੀਆਂ ਨੂੰ ਹੋਰ ਵਧੀਆ ਸਹੂਲਤਾਂ ਮਿਲਣ ਦੀ ਆਸ ਹੈ |