ਖਰੜ, 26 ਮਈ (ਗੁਰਮੁੱਖ ਸਿੰਘ ਮਾਨ)-ਪੰਜਾਬ ਵਿਚ ਅੱਜ ਹੋਈਆਂ ਨਗਰ ਨਿਗਮ, ਨਗਰ ਕੌਸਲ, ਨਗਰ ਪੰਚਾਇਤ ਚੋਣਾਂ ਦੌਰਾਨ ਜਿਵੇਂ ਕਥਿਤ ਤੌਰ 'ਤੇ ਗੁੰਡਾਗਰਦੀ ਕੀਤੀ ਗਈ ਹੈ, ਜਿਸਤੋਂ ਸਾਫ਼ ਹੁੰਦਾ ਹੈ ਕਿ ਹਾਕਮ ਧਿਰ ਇਨ੍ਹਾਂ ਚੋਣਾਂ ਨੂੰ ਲੁੱਟਣਾ ਚਾਹੁੰਦੀ ਹੈ | ਇਹ ਪ੍ਰਗਟਾਵਾ ਕਰਦਿਆਂ ਭਾਜਪਾ ਆਗੂ ਪਵਨ ਮਨੋਚਾ ਨੇ ਕਿਹਾ ਕਿ ਅੱਜ ਵੋਟਾਂ ਦੌਰਾਨ ਜਿਥੇ ਵੀ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਦੀ ਉਹ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਦੇ ਵੀ ਵੋਟਾਂ ਦੀ ਗਿਣਤੀ ਦੋ ਦਿਨ ਬਾਅਦ ਨਹੀਂ ਹੋਈ ਹੈ, ਜਿਵੇਂ ਕਿ ਮੌਜ਼ੂਦਾ ਸਰਕਾਰ ਵਲੋਂ ਕਰਵਾਈ ਜਾ ਰਹੀ ਹੈ, ਜੋ ਕਿ ਲੋਕੰਤਤਰ ਦਾ ਘਾਣ ਹੈ | ਉਨ੍ਹਾਂ ਕਿਹਾ ਕਿ ਜਿਸ ਦਿਨ ਵੋਟਾਂ ਪੈਂਦੀਆਂ ਹਨ ਤਾਂ ਉਸੇ ਦਿਨ ਭਾਵ ਵੋਟਾਂ ਪੈਣ ਦੇ ਸਮੇਂ ਤੋਂ ਬਾਅਦ ਵੋਟਾਂ ਦੀ ਗਿਣਤੀ ਹੁੰਦੀ ਹੈ ਅਤੇ ਪੋਲਿੰਗ ਬੂਥਾਂ ਤੇ ਏਜੰਟਾਂ ਦੇ ਸਾਹਮਣੇ ਨਤੀਜੇ ਐਲਾਨ ਦਿੱਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਹੁਣ ਜਿਥੇ ਬੈਲਟ ਬਾਕਸ ਰੱਖੇ ਜਾਣਗੇ, ਉਥੇ ਵੀ ਵਿਰੋਧੀ ਪਾਰਟੀਆਂ ਨੂੰ ਆਪਣੇ ਨੁਮਾਇੰਦੇ ਬਾਹਰ ਪਹਿਰੇ 'ਤੇ ਬਿਠਾਉਣੇ ਪੈਣਗੇ |