17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡੇਰਾਬੱਸੀ ਦੇ ਜੰਗਲਾਤ ਵਿਭਾਗ ਦਾ ਇਕ ਹੋਰ ਵੱਡਾ ਕਾਰਨਾਮਾ ਆਇਆ ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 28-05-2026
ਡੇਰਾਬੱਸੀ, 27 ਮਈ (ਗੁਰਮੀਤ ਸਿੰਘ)- ਮੁੱਖ ਸੜਕ 'ਤੇ 35 ਹਰੇ-ਭਰੇ ਦਰੱਖ਼ਤ ਕੱਟਣ ਦੇ ਮਾਮਲੇ 'ਚ ਡੇਰਾਬੱਸੀ ਦੇ ਜੰਗਲਾਤ ਵਿਭਾਗ ਦੇ ਕਰਮੀਆਂ ਦੀ ਮਿਲੀਭੁਗਤ ਦਾ ਭਾਂਡਾ ਫੁੱਟਣ 'ਤੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਇਕ ਹੋਰ ਕਾਰਨਾਮਾ ਸਾਹਮਣੇ ਆ ਗਿਆ ਹੈ | ਤਾਜ਼ਾ ਮਾਮਲੇ 'ਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਟਰਾਲੀ ਰਾਹੀਂ ਜੰਗਲਾਤ ਵਿਭਾਗ ਦੀ ਜ਼ਮੀਨ 'ਚੋਂ ਰੇਤ/ਗਰੈਵਲ ਚੋਰੀ ਕਰਨ ਦੇ ਮਾਮਲੇ 'ਚ 1.26 ਲੱਖ ਰੁ. ਜੁਰਮਾਨਾ ਵਸੂਲ ਕੀਤਾ ਗਿਆ ਹੈ, ਜਿਸ ਸੰਬੰਧੀ ਪਰਚੀ ਵੀ ਕੱਟੀ ਗਈ ਹੈ ਜਦਕਿ ਦੂਜੇ ਪਾਸੇ ਇਹ ਪੈਸਾ ਕਿਸ ਤੋਂ ਵਸੂਲ ਕੀਤਾ ਗਿਆ, ਇਸ ਬਾਰੇ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਹੈ | ਹੈਰਾਨੀ ਤਾਂ ਉਦੋਂ ਹੋਈ ਜਦੋਂ ਦੋ ਦਿਨ ਪਹਿਲਾਂ ਉਸੇ ਟਰੈਕਟਰ-ਟਰਾਲੀ ਚਾਲਕ ਨੇ ਭੱਜਦੇ ਸਮੇਂ ਰਾਤ ਨੂੰ ਡਿਊਟੀ 'ਤੇ ਤਾਇਨਾਤ ਜੰਗਲਾਤ ਵਿਭਾਗ ਦੀ ਟੀਮ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ | ਉਸ ਸਮੇਂ ਗੱਡੀ 'ਚ ਸਵਾਰ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਸੁਰਿੰਦਰ ਸਿੰਘ, ਇੰਚਾਰਜ ਇੰਦਰਜੀਤ ਸਿੰਘ, ਗਾਰਡ ਕੁਲਵਿੰਦਰ ਸਿੰਘ ਤੇ ਇਕ ਪ੍ਰਾਈਵੇਟ ਵਿਅਕਤੀ ਮੌਜੂਦ ਸੀ | ਇਸ ਪ੍ਰਾਈਵੇਟ ਚਾਲਕ ਨੂੰ ਅਧਿਕਾਰੀ ਤਾਂ ਆਪਣੇ ਨਾਲ ਲੈ ਗਏ ਸਨ ਤਾਂ ਜੋ ਕੋਈ ਗੱਡੀ ਫੜ੍ਹਨ 'ਤੇ ਚਾਲਕ ਉਸ ਨੂੰ ਚਲਾ ਕੇ ਥਾਣੇ ਤੱਕ ਲੈ ਕੇ ਜਾਵੇ | ਗੱਡੀ 'ਚ ਸਵਾਰ ਇੰਚਾਰਜ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਰਾਮਗੜ੍ਹ ਸੜਕ 'ਤੇ ਪਹੁੰਚੇ ਤਾਂ ਇਕ ਖਾਲੀ ਟਰੈਕਟਰ- ਟਰਾਲੀ ਕਰੈਸ਼ਰ 'ਚੋਂ ਨਿਕਲ ਰਿਹਾ ਸੀ | ਉਨ੍ਹਾਂ ਦੀ ਟੀਮ ਨੇ ਜਦੋਂ ਟਰੈਕਟਰ-ਟਰਾਲੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੈਕਟਰ ਦੀ ਗੱਡੀ ਨਾਲ ਟੱਕਰ ਹੋ ਗਈ ਤੇ ਚਾਲਕ ਮੌਕੇ 'ਤੇ ਟਰੈਕਟਰ-ਟਰਾਲੀ ਛੱਡ ਕੇ ਫ਼ਰਾਰ ਹੋ ਗਿਆ | ਇਸ ਮੌਕੇ ਉਨ੍ਹਾਂ ਦੀ ਟੀਮ ਵੀ ਘਬਰਾ ਗਈ ਤੇ ਉਹ ਵੀ ਟਰੈਕਟਰ-ਟਰਾਲੀ ਉਥੇ ਹੀ ਛੱਡ ਕੇ ਨਿਕਲ ਗਏ | ਇੰਦਰਜੀਤ ਸਿੰਘ ਮੁਤਾਬਿਕ ਅਗਲੇ ਦਿਨ ਪਿੰਡ ਕਕਰਾਲੀ ਦੇ ਮੁਹਤਬਰ ਬੰਦਿਆਂ ਨੇ ਉਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ ਅਤੇ ਗੱਡੀ ਠੀਕ ਕਰਵਾਉਣ ਦਾ ਖ਼ਰਚਾ ਦਿਵਾਉਣ ਦੀ ਹਾਮੀ ਭਰੀ | ਦੂਜੇ ਪਾਸੇ ਜੰਗਲਾਤ ਵਿਭਾਗ ਦੀ ਜ਼ਮੀਨ 'ਚੋਂ ਖਣਿਜ ਚੋਰੀ ਕਰਨ ਦੇ ਮਾਮਲੇ ਵਿਚ ਉਕਤ ਟਰੈਕਟਰ-ਟਰਾਲੀ ਚਾਲਕ ਤੋਂ 1.26 ਲੱਖ ਰੁ. ਜੁਰਮਾਨਾ ਵਸੂਲ ਕੀਤਾ ਗਿਆ | ਜੰਗਲਾਤ ਵਿਭਾਗ ਦੇ ਇੰਚਾਰਜ ਵਲੋਂ ਦੱਸੀ ਸਾਰੀ ਕਹਾਣੀ ਐਨੀ ਗੋਲ-ਮੋਲ ਸੀ ਕਿ ਹਜ਼ਮ ਨਹੀਂ ਹੋਈ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਟਰੈਕਟਰ-ਟਰਾਲੀ ਦਾ ਮਾਲਕ ਕੌਣ ਹੈ ਤਾਂ ਉਨ੍ਹਾਂ ਉਸ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕੀਤੀ | ਦੂਜੇ ਪਾਸੇ ਜੁਰਮਾਨਾ ਕਿਵੇਂ ਤੇ ਕਿਸ ਤੋਂ ਵਸੂਲਿਆ ਗਿਆ ਇਸ ਦੀ ਪੁਖਤਾ ਜਾਣਕਾਰੀ ਵੀ ਉਹ ਨਹੀਂ ਦੇ ਸਕੇ | ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਟਰੈਕਟਰ-ਟਰਾਲੀ ਕਰੈਸ਼ਰ 'ਚੋਂ ਖਾਲੀ ਨਿਕਲੀ ਸੀ ਤਾਂ ਉਸ ਤੋਂ ਖਣਿਜ ਚੋਰੀ ਕਰਨ ਦੇ ਦੋਸ਼ ਹੇਠ ਜੁਰਮਾਨਾ ਕਿਵੇਂ ਵਸੂਲ ਕੀਤਾ ਗਿਆ | ਇਥੇ ਹੀ ਬਸ ਨਹੀਂ ਜੇਕਰ ਟਰਾਲੀ 'ਚ ਭਰਿਆ ਖਣਿਜ ਕਰੈਸ਼ਰ 'ਚ ਖਾਲੀ ਕੀਤਾ ਗਿਆ ਸੀ ਤਾਂ ਚੋਰੀ ਦਾ ਖਣਿਜ ਲੈਣ ਵਾਲੇ ਕਰੈਸ਼ਰ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋਈ | ਇਸ ਤੋਂ ਇਲਾਵਾ ਜਦੋਂ ਸਟਾਫ਼ ਦੀ ਗੱਡੀ ਨੂੰ ਟੱਕਰ ਮਾਰੀ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਕਿਉਂ ਨਹੀਂ ਦਿੱਤੀ ਗਈ ਜਦਕਿ ਮੁਬਾਰਕਪੁਰ ਪੁਲਿਸ ਚੌਕੀ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ 'ਤੇ ਹੀ ਸਥਿਤ ਹੈ | ਇਸ ਤੋਂ ਇਲਾਵਾ 112 ਨੰਬਰ 'ਤੇ ਫ਼ੋਨ ਕਰਨ 'ਤੇ ਪੁਲਿਸ ਕੁਝ ਹੀ ਮਿੰਟਾਂ 'ਚ ਮੌਕੇ 'ਤੇ ਪਹੁੰਚ ਜਾਂਦੀ ਹੈ, ਪਰ ਇਸ ਦੇ ਬਾਵਜੂਦ ਸਟਾਫ਼ ਨੇ ਕੋਈ ਕਾਰਵਾਈ ਨਹੀਂ ਕੀਤੀ | ਉਕਤ ਕਾਰਨਾਂ ਕਰਕੇ ਸਾਰਾ ਮਾਮਲਾ ਸ਼ੱਕੀ ਜਾਪਦਾ ਹੈ | ਦੂਜੇ ਪਾਸੇ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਜੈ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜਿਹੜੀ ਸੂਚਨਾ ਆਈ ਸੀ, ਟਰਾਲੀ 'ਚ ਗਰੈਵਲ ਭਰਿਆ ਹੋਇਆ ਸੀ, ਲਿਹਾਜ਼ਾ ਟਰੈਕਟਰ ਚਾਲਕ ਕੋਲੋਂ ਖਣਿਜ ਚੋਰੀ ਕਰਨ ਦਾ ਜੁਰਮਾਨਾ ਵਸੂਲਿਆ ਗਿਆ ਹੈ | ਇਸ ਤਰ੍ਹਾਂ ਇਕੋ ਵਿਭਾਗ ਦੇ ਦੋ ਅਧਿਕਾਰੀਆਂ ਦੇ ਵੱਖ-ਵੱਖ ਬਿਆਨ ਮਾਮਲੇ ਨੂੰ ਹੋਰ ਸ਼ੱਕੀ ਬਣਾ ਰਹੇ ਹਨ | ਹੁਣ ਸਵਾਲ ਪੈਦਾ ਹੁੰਦਾ ਹੈ ਕਿ ਵਿਭਾਗ ਜੰਗਲਾਤ ਵਿਭਾਗ ਦੀ ਜ਼ਮੀਨ 'ਚੋਂ ਲੱਖਾਂ ਦਾ ਖਣਿਜ ਚੋਰੀ ਕਰਨ ਦੇ ਮਾਮਲੇ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਨਾਜਾਇਜ਼ ਮਾਈਨਿੰਗ ਮਿਲੀਭੁਗਤ ਨਾਲ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕੁਰਾਲੀ ਨਗਰ ਕੌਂਸਲ ਦੇ ਦਫ਼ਤਰ ਸਾਹਮਣੇ ਉਮੀਦਵਾਰਾਂ ਵਲੋਂ ਹੰਗਮਾ ਅਗਲੀ ਖ਼ਬਰ ਬਿਆਨ ਸਿਆਸੀ ਆਗੂਆਂ ਲਈ ਸੀ, ਨਾ ਕਿ ਕਿਸਾਨਾਂ ਲਈ : ਵਿਧਾਇਕ ਰੰਧਾਵਾ
Ad Position 24