ਕੀਰਤਪੁਰ ਸਾਹਿਬ, 1 ਜੂਨ (ਬੀਰ ਅੰਮਿ੍ਤਪਾਲ ਸਿੰਘ ਸੰਨੀ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਸੂਬੇ ਵਿਚ ਦਾਖ਼ਲ ਹੋਣ ਵਾਲੇ ਵਾਹਨਾਂ 'ਤੇ 100 ਤੋਂ 900 ਰੁਪਏ ਤੱਕ ਲਗਾਏ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿਚ ਪੰਜਾਬ ਭਰ ਵਿਚ ਗੁੱਸਾ ਲਗਾਤਾਰ ਵੱਧ ਰਿਹਾ ਹੈ | ਇਸੇ ਕੜੀ ਤਹਿਤ ਐਤਵਾਰ ਨੂੰ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ ਸਮੇਤ ਪੰਜਾਬ-ਹਿਮਾਚਲ ਸਰਹੱਦ ਦੇ ਕਈ ਪ੍ਰਵੇਸ਼ ਪੁਆਇੰਟਾਂ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਚਾਰ ਘੰਟੇ ਲਈ ਚੱਕਾ ਜਾਮ ਕੀਤਾ ਗਿਆ | ਕਿਰਤੀ ਕਿਸਾਨ ਮੋਰਚਾ, ਪੰਜਾਬ ਮੋਰਚਾ, ਨਿਹੰਗ ਸਿੰਘ ਜਥੇਬੰਦੀਆਂ, ਟੈਕਸੀ ਆਪਰੇਟਰ ਯੂਨੀਅਨਾਂ ਅਤੇ ਸਥਾਨਕ ਸੰਘਰਸ਼ਕਾਰੀਆਂ ਦੇ ਸਾਂਝੇ ਸੱਦੇ 'ਤੇ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਉੱਤਰੀ ਭਾਰਤ ਦੇ ਮਹੱਤਵਪੂਰਨ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ 'ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ | ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਹਿਮਾਚਲ ਸਰਕਾਰ ਐਂਟਰੀ ਟੈਕਸ ਦੇ ਨਾਂਅ 'ਤੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਅੱਛਰ ਸਿੰਘ ਮਹਾਕਾਲ, ਹਰਪ੍ਰੀਤ ਸਿੰਘ ਭੱਟੋ ਅਤੇ ਹੋਰ ਆਗੂਆਂ ਨੇ ਕਿਹਾ ਕਿ ਹਿਮਾਚਲ ਦੀ ਸੁੱਖੂ ਸਰਕਾਰ ਐਂਟਰੀ ਟੈਕਸ ਦੇ ਨਾਂਅ 'ਤੇ ਗੁੰਡਾ ਟੈਕਸ ਵਸੂਲ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਟੈਕਸ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਸੰਘਰਸ਼ ਜਾਰੀ ਰਹੇਗਾ | ਆਗੂਆਂ ਨੇ ਪੰਜਾਬ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਕਿ ਰੈਸੀਪ੍ਰੋਕਲ ਟੈਕਸ ਲਗਾਉਣ ਦੇ ਦਾਅਵਿਆਂ ਦੇ ਬਾਵਜੂਦ ਸਰਕਾਰ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਿਚ ਅਸਫਲ ਰਹੀ ਹੈ | ਨਿਹੰਗ ਸਿੰਘ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਬੁੱਧਵਾਰ ਤੋਂ 'ਖਾਲਸਾ ਰਾਜ ਟੈਕਸ' ਲਾਗੂ ਕਰਨ ਬਾਰੇ ਫੈਸਲਾ ਲਿਆ ਜਾ ਸਕਦਾ ਹੈ | ਵੱਖ-ਵੱਖ ਸਥਾਨਾਂ 'ਤੇ ਚੱਕਾ ਜਾਮ ਦੌਰਾਨ ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ, ਦਲਜੀਤ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਕਰਨਵੀਰ ਸਿੰਘ ਵਾਈਸ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ, ਸਰਪੰਚ ਪਰਮਜੀਤ ਸਿੰਘ ਬੱਬੀ ਕਕਰਾਲਾ, ਹਰਦੀਪ ਸਿੰਘ ਸਰਪੰਚ, ਬਲਹੇੜਾ ਚੌਧਰੀ, ਦੇਸ ਰਾਜ ਮੋੜਾ, ਅਵਤਾਰ ਸਿੰਘ, ਮੰਗਲ ਸਿੰਘ ਹੀਰਪੁਰ, ਸੁਰਜੀਤ ਸਿੰਘ, ਮਦਨ ਗੋਪਾਲ ਸ਼ਰਮਾ, ਸੂਬੇਦਾਰ ਰੋਸ਼ਨ ਲਾਲ, ਪਿ੍ੰਸ ਬੱਢਲ ਰਾਜਪੂਤ, ਬਹਾਦਰ ਸਿੰਘ ਬਿਕੋ, ਪਰਗਟ ਸਿੰਘ ਘਨੋਲੀ, ਕਿਸਾਨ ਆਗੂ ਸ਼ਮਸ਼ੇਰ ਸਿੰਘ ਸ਼ੇਰਾ, ਬਿੰਦਰ ਭੱਗਲ, ਹਰਪ੍ਰੀਤ ਸਿੰਘ, ਟਿੰਕਾ ਸਿੰਘ, ਸੁਖਵਿੰਦਰ ਸਿੰਘ ਲਾਡੀ, ਕੁਮਾਰ ਮਹਿੰਦਰ ਪਾਲ ਤੇ ਹੋਰ ਸੰਘਰਸ਼ਕਾਰੀ ਹਾਜ਼ਰ ਸਨ |