ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)- ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿਰੀ ਜਥੇਬੰਦੀ ਨੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਦਿਆਂ ਕਿਹਾ ਹੈ ਕਿ ਲੋਕਾਂ ਵਲੋਂ ਦਿੱਤਾ ਗਿਆ ਫ਼ਤਵਾ ਉਨ੍ਹਾਂ ਨੂੰ ਸਿਰ ਮੱਥੇ ਪ੍ਰਵਾਨ ਹੈ ਅਤੇ ਪਾਰਟੀ ਦੇ ਜਿੱਤੇ ਹੋਏ ਕੌਂਸਲਰ ਸ਼ਹਿਰ ਦੇ ਵਿਕਾਸ ਲਈ ਆਪਣਾ ਪੂਰਾ ਯੋਗਦਾਨ ਪਾਉਣਗੇ | ਬੀਤੀ ਸ਼ਾਮ ਚੋਣ ਲੜੇ ਉਮੀਦਵਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ ਨੇ ਕਿਹਾ ਕਿ ਪਾਰਟੀ ਦੇ ਚੋਣ ਨਿਸ਼ਾਨ 'ਤੱਕੜੀ' 'ਤੇ ਤਿੰਨ ਉਮੀਦਵਾਰ ਜੇਤੂ ਰਹੇ ਹਨ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 2 ਵਿਚ ਪਾਰਟੀ ਉਮੀਦਵਾਰ ਦੇ ਕਾਗਜ਼ ਰੱਦ ਹੋਣ ਕਾਰਨ ਭਾਜਪਾ ਉਮੀਦਵਾਰ ਦਾ ਸਮਰਥਨ ਕੀਤਾ ਗਿਆ ਸੀ, ਜਿਸ ਨੂੰ ਵੀ ਜਿੱਤ ਪ੍ਰਾਪਤ ਹੋਈ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਇਸ ਦੇ ਕੌਂਸਲਰ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਹਰ ਚੰਗੇ ਕੰਮ ਵਿਚ ਸਹਿਯੋਗ ਦੇਣਗੇ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਚੋਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਮਿਲ ਕੇ ਲੜੀ ਗਈ ਹੈ | ਕਈ ਵਾਰਡਾਂ ਵਿਚ ਕਾਂਗਰਸ ਵਲੋਂ ਆਪਣੇ ਉਮੀਦਵਾਰ ਨਾ ਉਤਾਰੇ ਜਾਣ ਕਾਰਨ ਉਸ ਦੀ ਵੋਟ ਆਮ ਆਦਮੀ ਪਾਰਟੀ ਦੇ ਹੱਕ ਵਿਚ ਭੁਗਤੀ, ਜਿਸ ਨਾਲ 'ਆਪ' ਨੂੰ ਬਹੁਮਤ ਹਾਸਲ ਕਰਨ ਵਿਚ ਮਦਦ ਮਿਲੀ | ਮੀਟਿੰਗ ਦੌਰਾਨ ਨਵੇਂ ਚੁਣੇ ਕੌਂਸਲਰ ਗੁਰਵਿੰਦਰ ਸਿੰਘ ਬਾਵਾ, ਸੁਖਵਿੰਦਰ ਸਿੰਘ ਪਟਵਾਰੀ, ਐਡਵੋਕੇਟ ਰਾਜੀਵ ਸ਼ਰਮਾ, ਜਸਬੀਰ ਸਿੰਘ ਗਿੱਲ, ਬਲਜਿੰਦਰ ਸਿੰਘ ਮਿੱਠੂ, ਚੌਧਰੀ ਵੇਦ ਪ੍ਰਕਾਸ਼ ਤੇ ਪਾਰਟੀ ਦੇ ਹੋਰ ਉਮੀਦਵਾਰ ਵੀ ਹਾਜ਼ਰ ਸਨ |