ਸ੍ਰੀ ਅਨੰਦਪੁਰ ਸਾਹਿਬ, 1 ਜੂਨ (ਕਰਨੈਲ ਸਿੰਘ)-ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਗਰਮੀਆਂ ਦੀਆਂ ਛੁੱਟੀਆਂ ਕਾਰਨ 25 ਜੂਨ ਤੋਂ 28 ਜੂਨ ਤੱਕ ਸ਼ਹਿਰ ਦੇ ਸਮੂਹ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ | ਇਸ ਸਬੰਧੀ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਅੱਜ ਇੱਥੇ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ 'ਚ ਸ਼ਹਿਰ ਦੇ ਵੱਡੀ ਗਿਣਤੀ 'ਚ ਦੁਕਾਨਦਾਰਾਂ ਤੇ ਵਪਾਰੀਆਂ ਨੇ ਭਾਗ ਲਿਆ ਤੇ ਵਪਾਰ ਨਾਲ ਜੁੜੇ ਕਈ ਅਹਿਮ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 25 ਜੂਨ ਤੋਂ 28 ਜੂਨ ਤੱਕ ਰਹਿਣਗੀਆਂ | ਇਨ ਾਂ ਚਾਰ ਦਿਨਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰਾਂ, ਵਪਾਰਕ ਅਦਾਰਿਆਂ ਤੇ ਦੁਕਾਨਾਂ ਨੂੰ ਮੁਕੰਮਲ ਤੌਰ 'ਤੇ ਬੰਦ ਰੱਖਿਆ ਜਾਵੇਗਾ | ਵਪਾਰ ਮੰਡਲ ਵਲੋਂ ਇਸ ਫ਼ੈਸਲੇ ਦੀ ਜਾਣਕਾਰੀ ਸਮੇਂ ਸਿਰ ਜਨਤਕ ਕੀਤੀ ਗਈ ਹੈ ਤਾਂ ਜੋ ਸਥਾਨਕ ਵਸਨੀਕ ਤੇ ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਲੋਕ ਆਪਣੇ ਕੰਮਕਾਜ ਸਬੰਧੀ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਸਕਣ | ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਲਗਾਤਾਰ ਵਪਾਰਕ ਰੁਝੇਵਿਆਂ ਕਾਰਨ ਦੁਕਾਨਦਾਰਾਂ ਤੇ ਉਨਾਂ ਦੇ ਪਰਿਵਾਰਾਂ ਨੂੰ ਆਰਾਮ ਤੇ ਮਨੋਰੰਜਨ ਲਈ ਸਮਾਂ ਨਹੀਂ ਮਿਲਦਾ | ਇਸ ਲਈ ਵਪਾਰ ਮੰਡਲ ਵਲੋਂ ਸਰਬਸੰਮਤੀ ਨਾਲ ਕੁੱਝ ਦਿਨਾਂ ਦੀਆਂ ਛੁੱਟੀਆਂ ਕੀਤੀਆਂ ਜਾਂਦੀਆਂ ਹਨ | ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਹੁਣ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖੀਆਂ ਜਾਣਗੀਆਂ | ਇਸ ਮੌਕੇ ਵਪਾਰ ਵਿੰਗ 'ਆਪ' ਦੇ ਪ੍ਰਧਾਨ ਦੀਪਕ ਆਂਗਰਾ, ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਜਤਿਨ ਕੌਸ਼ਲ, ਮਨੀ ਅਰੋੜਾ, ਸੰਨੀ ਸ਼ਿਮਲਾ ਗਰਮੈਂਟ, ਰਾਜਨ ਗਾਬਾ, ਸੈਫੀ ਅਰੋੜਾ, ਤਰਨਜੀਤ ਸਿੰਘ ਤਰਨੀ, ਤੇਜਿੰਦਰ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਮਨਿੰਦਰ ਪਾਲ ਸਿੰਘ ਮਨੀ, ਹਰਪ੍ਰੀਤ ਸਿੰਘ ਬੇਦੀ, ਰਘੂਕੁਲਭੂਸ਼ਣ ਬੰਟੀ ਬਾਸੋਵਾਲ, ਬੱਬੂ ਬੇਦੀ, ਕਾਲਾ ਵਾਲੀਆ, ਜਸਵਿੰਦਰ ਪਾਲ ਸਿੰਘ ਰਾਜਾ, ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ |