ਨੰਗਲ, 5 ਜੂਨ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੀ ਜੰਮਪਲ 12 ਸਾਲ ਦੀ ਲਵਲੀਨ ਕੌਰ ਕਰਾਟੇ ਚੈਂਪੀਅਨਸ਼ਿਪ ਵਿਚ ਨੰਗਲ ਦਾ ਨਾਮ ਰੋਸ਼ਨ ਕਰ ਰਹੀ ਹੈ | ਸੈਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਵਿਚ ਸੱਤਵੀਂ ਕਲਾਸ ਦੀ ਵਿਦਿਆਰਥਣ ਲਵਲੀਨ ਕੌਰ ਦੀ ਮਾਤਾ ਮੋਨਿਕਾ ਅਤੇ ਪਿਤਾ ਹਰਵਿੰਦਰ ਸਿੰਘ ਸਧਾਰਨ ਪਰਿਵਾਰ ਤੋਂ ਹਨ ਅਤੇ ਪ੍ਰਾਈਵੇਟ ਨੌਕਰੀ ਕਰਦੇ ਹਨ | ਲਵਲੀਨ ਕੌਰ ਦੱਸਦੇ ਹਨ ਕਿ ਉਹਨਾਂ ਦੀ ਉਮਰ 12 ਸਾਲ ਹੈ ਅਤੇ ਛੇ ਸਾਲ ਤੋਂ ਉਹਨਾਂ ਵਲੋਂ ਕਰਾਟਿਆਂ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਗਈ ਸੀ | ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਲ 2021 ਦੇ ਵਿਚ ਜਲੰਧਰ ਵਿਚ ਹੋਏ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ | ਇਸ ਸਾਲ ਵਿਚ ਕਪੂਰਥਲਾ ਦੇ ਵਿਚ ਹੋਏ ਮੁਕਾਬਲਿਆਂ ਦੇ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ | ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਬੰਗਾ ਦੇ ਵਿਚ ਹੋਏ ਮੁਕਾਬਲੇ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ ਸੀ | ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਜਲੰਧਰ ਸਾਲ 2023 ਵਿਚ ਹੋਏ ਮੁਕਾਬਲਿਆਂ ਵਿਚ ਗੋਲਡ ਮੈਡਲ ਹਾਸਲ ਕੀਤਾ ਅਤੇ ਸਾਲ 2024 ਦੇ ਵਿਚ ਫਿਰ ਜਲੰਧਰ ਅਤੇ ਕਪੂਰਥਲਾ ਵਿਚ ਹੋਏ ਮੁਕਾਬਲਿਆਂ ਦੇ ਵਿਚ ਗੋਲਡ ਮੈਡਲ ਹਾਸਲ ਕੀਤਾ | ਲਵਲੀਨ ਦੱਸਦੇ ਹਨ ਕਿ ਪਿਛਲੇ ਦਿਨੀ ਰੁਧਰਾ ਇੰਟਰਨੈਸ਼ਨਲ ਸਕੂਲ ਬਸਾਲ ਹਿਮਾਚਲ ਪ੍ਰਦੇਸ਼ ਵਿਚ ਕਰਾਟੇ ਮੁਕਾਬਲੇ ਹੋਏ ਸਨ, ਜਿਸ ਵਿਚ ਫਿਰ ਉਹਨਾਂ ਨੂੰ ਗੋਲਡ ਮੈਡਲ ਹਾਸਿਲ ਹੋਇਆ ਹੈ | ਉਹਨਾਂ ਦਾ ਇਸ ਕਾਮਯਾਬੀ ਪਿੱਛੇ ਅਭਿਆਸ ਨੂੰ ਮੰਨਣਾ ਹੈ | ਲਵਲੀਨ ਵੱਡੀ ਹੋ ਕੇ ਕਰਾਟੇ ਚੈਂਪੀਅਨ ਬਣਨ ਤੋਂ ਬਾਅਦ ਇੱਕ ਵਧੀਆ ਕਰਾਟੇ ਕੋਚ ਬਣਨ ਦਾ ਸੁਪਨਾ ਵੀ ਰੱਖਦੀ ਹੈ | ਇਸ ਸਬੰਧੀ ਲਵਲੀਨ ਦੀ ਮਾਤਾ ਮੋਨੀਕਾ ਨੇ ਦੱਸਿਆ ਕਿ ਲਵਲੀਨ ਇੱਕ ਧਾਰਮਿਕ ਬਿਰਤੀ ਵਾਲੀ ਲੜਕੀ ਹੈ ਅਤੇ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਪਾਠ ਜਰੂਰ ਕਰਦੀ ਹੈ ਅਤੇ ਪੜਾਈ ਵਿਚ ਵੀ ਹੁਸ਼ਿਆਰ ਹੈ | ਉਹਨਾਂ ਨੇ ਦੱਸਿਆ ਕਿ ਲਵਲੀਨ ਰੋਜ਼ਾਨਾ ਕਰਾਟੇ ਦੀ ਪ੍ਰੈਕਟਿਸ ਕਰਦੀ ਹੈ ਅਤੇ ਕਦੇ ਵੀ ਛੁੱਟੀ ਨਹੀਂ ਕਰਦੀ |