ਰੂਪਨਗਰ, 5 ਜੂਨ (ਮਨਜੀਤ ਸਿੰਘ ਸੈਣੀ)-ਮੀਂਹ ਦੇ ਚੱਲਦਿਆਂ ਜਗ੍ਹਾ-ਜਗ੍ਹਾ ਪਾਣੀ ਭਰਨ ਕਾਰਨ ਮੱਛਰਾਂ ਦੇ ਪੈਦਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ | ਇਸ ਨੂੰ ਧਿਆਨ ਵਿਚ ਰੱਖਦਿਆਂ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਵਲੋਂ ਸਿਹਤ ਵਿਭਾਗ ਦੀਆਂ ਐਂਟੀ ਡੇਂਗੂ ਟੀਮਾਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਹਰ ਸ਼ੁੱਕਰਵਾਰ 'ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਜ਼ਿਲ੍ਹਾ 'ਚ ਡੇਗੂ ਸਰਵੇ ਕਰਨ ਦੇ ਹੁਕਮ ਦਿੱਤੇ | ਉਨ੍ਹਾਂ ਦੱਸਿਆ ਜ਼ਿਲ੍ਹੇ ਵਿਚ ਕੁੱਲ 75 ਟੀਮਾਂ ਵਲੋਂ 342 ਨਰਸਰੀਆਂ ਤੇ ਉਸਾਰੀ ਵਾਲੀਆਂ ਥਾਵਾਂ ਚੈੱਕ ਕੀਤੀਆਂ ਗਈਆਂ | ਇਸ ਦੌਰਾਨ ਟੀਮਾਂ ਨੂੰ 6 ਥਾਵਾਂ 'ਤੇ ਡੇਗੂ ਲਰਵਾ ਮਿਲਿਆ ਜਿਸ ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ | ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਐਪੀਡਿਮੋਲੋਜਿਸਡ ਡਾ. ਹਰਸ਼ਰਨ ਕੌਰ ਦੀ ਅਗਵਾਈ ਹੇਠ ਟੀਮਾਂ ਵਲੋਂ ਉਸਾਰੀ ਵਾਲੀਆਂ ਥਾਵਾਂ, ਨਰਸਰੀਆਂ ਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਕੇ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਗਈ | ਟੀਮਾਂ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਤੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਲਈ ਜਾਗਰੂਕ ਕੀਤਾ | ਇਸ ਮੌਕੇ ਏ.ਐਮ.ਓ. ਦਿਲਬਾਗ ਸਿੰਘ, ਸਿਹਤ ਸੁਪਰਵਾਈਜ਼ਰ ਰਣਜੀਤ ਸਿੰਘ, ਸਿਹਤ ਵਰਕਰ ਕਰਨੈਲ ਸਿੰਘ ਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ |