ਸ੍ਰੀ ਅਨੰਦਪੁਰ ਸਾਹਿਬ, 7 ਜੂਨ (ਜੇ. ਐਸ. ਨਿੱਕੂਵਾਲ)- ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਅੱਜ ਵਿਰਾਸਤ-ਏ-ਖ਼ਾਲਸਾ ਤੋਂ ਪੰਜ ਪਿਆਰਾ ਪਾਰਕ ਤੱਕ ਜਾਗਰੂਕਤਾ ਰੈਲੀ ਕੱਢੀ, ਉਨ੍ਹਾਂ ਦੇ ਨਾਲ ਇਲਾਕੇ ਦੇ ਲੋਕਾਂ ਨੇ ਆਪਣੇ ਹੱਥਾਂ ਵਿਚ ਜਾਗਰੂਕਤਾ ਨੂੰ ਦਰਸਾਉਂਦੇ ਨਾਅਰੇ ਫੜੇ ਹੋਏ ਸਨ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਬਾਰੇ ਨਾਅਰੇ ਲਗਾ ਰਹੇ ਸਨ | ਇਸ ਮੌਕੇ ਸ. ਜਤਿੰਦਰ ਸਿੰਘ ਨੇ ਕਿਹਾ ਕਿ ਮਨੁੱਖ ਅਧਿਕਾਰ ਕਮਿਸ਼ਨ ਦੀ ਕਾਰਗੁਜ਼ਾਰੀ ਹੁਣ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਹੋ ਚੁੱਕੀ ਹੈ ਜਿਸ ਨਾਲ ਆਮ ਲੋਕਾਂ ਵਿਚ ਜਾਗਰੂਕਤਾ ਵੀ ਵਧੀ ਹੈ | ਉਨ੍ਹਾਂ ਦੱਸਿਆ ਕਿ ਹਰ ਰੋਜ਼ 500 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਜੋ ਕਿ ਲੋਕਾਂ ਦੇ ਵਧਦੇ ਭਰੋਸੇ ਦਾ ਪ੍ਰਮਾਣ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਅਧਿਕਾਰਾਂ ਦਾ ਹਨਨ ਹੁੰਦਾ ਹੈ ਤਾਂ ਉਹ 98554-75547 'ਤੇ ਵਟਸਐਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ ਜਿਸ ਨੂੰ 7 ਦਿਨਾਂ ਦੇ ਅੰਦਰ ਰਜਿਸਟਰ ਕਰ ਕੇ ਉਸ 'ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਕਰਨ ਵਾਲੇ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਦੀ ਗੱਲ ਕਰਦਿਆਂ ਕਿਹਾ ਕਿ ਕਮਿਸ਼ਨ ਨੇ ਸਰਕਾਰ ਤੋਂ ਸਾਰੇ ਰਜਿਸਟਰਡ ਇਮੀਗ੍ਰੇਸ਼ਨ ਏਜੰਟਾਂ ਦੀ ਰਿਪੋਰਟ ਮੰਗੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਧੋਖਾਧੜੀ ਦੇ ਮਾਮਲੇ ਵਿਚ ਅੱਗੇ ਆ ਕੇ ਲਿਖਤੀ ਸ਼ਿਕਾਇਤ ਦੇਣ ਤਾਂ ਜੋ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਉਹ 23 ਜ਼ਿਲਿ੍ਹਆਂ ਦਾ ਦੌਰਾ ਕਰ ਕੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹੁਣ ਲੋਕ ਪਹਿਲਾਂ ਵਾਂਗ ਥਾਣਿਆਂ 'ਚ ਜਾਣ ਤੋਂ ਬਾਅਦ ਸਿੱਧੇ ਕਮਿਸ਼ਨ ਕੋਲ ਆ ਰਹੇ ਹਨ | ਉਨ੍ਹਾਂ ਅੱਗੇ ਕਿਹਾ ਕਿ ਸਫ਼ਾਈ ਕਰਮਚਾਰੀ, ਐਂਬੂਲੈਂਸ ਡਰਾਈਵਰ ਅਤੇ ਹਸਪਤਾਲ ਸਟਾਫ਼ ਸਾਡੇ ਸਮਾਜ ਦੇ ਅਹਿਮ ਹਿੱਸੇ ਹਨ ਅਤੇ ਉਨ੍ਹਾਂ ਦਾ ਸਨਮਾਨ ਮਿਲਣਾ ਚਾਹੀਦਾ ਹੈ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ਅਤੇ ਸ. ਜਤਿੰਦਰ ਸਿੰਘ ਸ਼ੰਟੀ ਨੂੰ ਪ੍ਰਸ਼ਾਸਨ ਅਤੇ ਇਲਾਕਾ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਇਸ ਮੌਕੇ ਡਾ. ਦੀਪਕ ਸਿੰਗਲਾ ਮੈਂਬਰ ਕੌਰ ਕਮੇਟੀ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ, ਕੌਰ ਕਮੇਟੀ ਮੈਂਬਰ ਮਨਪ੍ਰੀਤ ਕੌਰ, ਬਲਦੇਵ ਸਿੰਘ, ਅਮਨਦੀਪ ਸਿੰਘ, ਐਸ.ਡੀ.ਐਮ. ਸੁਖਪਾਲ ਸਿੰਘ, ਡੀ.ਐਸ.ਪੀ. ਨਵੀਨ ਕੁਮਾਰ, ਨਾਇਬ ਤਹਿਸੀਲਦਾਰ ਜਸਵਿੰਦਰ ਕੌਰ, ਪ੍ਰੀਤਮ ਸਿੰਘ ਪੀ.ਓ., ਐਸ.ਐਮ.ਓ. ਵਰਿੰਦਰ ਸਿੰਘ, ਐਮ.ਓ. ਅਮਰਿੰਦਰ ਸਿੰਘ, ਐਸ.ਐਮ.ਓ. ਜੰਗਜੀਤ ਸਿੰਘ, ਰਜਿੰਦਰ ਸਿੰਘ ਐਸ.ਡੀ.ਓ. ਪਾਵਰ ਕਾਮ, ਰਾਜੇਸ਼ ਸ਼ਰਮਾ ਐਸ.ਡੀ.ਓ. ਨੂਰਪੁਰ ਬੇਦੀ, ਈ.ਓ. ਸੰਗੀਤ ਕੁਮਾਰ, ਈ.ਓ. ਗੁਰਬਖਸੀਸ਼ ਸਿੰਘ ਕੀਰਤਪੁਰ ਸਾਹਿਬ, ਏ.ਐਫ.ਐਸ.ਓ. ਅਮਰਦੀਪ ਕੌਰ, ਬੀ.ਓ. ਮਨਜੀਤ ਸਿੰਘ ਮਾਵੀ, ਬੀ.ਪੀ.ਈ.ਓ. ਰਾਕੇਸ਼ ਕੁਮਾਰ, ਗੁਰਸੋਹਣ ਸਿੰਘ ਸਕੱਤਰ ਰੈੱਡ ਕਰਾਸ ਹਾਜ਼ਰ ਸਨ |