ਨੂਰਪੁਰ ਬੇਦੀ, 12 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਅੱਜ ਸਵੇਰੇ ਬਿਜਲੀ ਸਪਲਾਈ ਕਰਨ ਦੇ ਕੰਮ ‘ਚ ਜੁਟੇ ਪਾਵਰਕਾਮ ਦਫ਼ਤਰ ਸਿੰਘਪੁਰ ਵਿਖੇ ਤੈਨਾਤ ਲਾਈਨਮੈਨ ਗੁਰਮੀਤ ਸਿੰਘ (56) ਪੁੱਤਰ ਬੱਲਮ ਸਿੰਘ ਉਰਫ਼ ਗੁਰਬਚਨ ਸਿੰਘ, ਪਿੰਡ ਬੱਸੀ ਦੀ ਅਚਾਨਕ ਖੰਭੇ ਤੋਂ ਡਿਗ ਕੇ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਰਾਤ ਸਮੇਂ ਨੂਰਪੁਰ ਬੇਦੀ ਖੇਤਰ ਦੀ ਪ੍ਰਭਾਵਿਤ ਹੋਈ ਸਪਲਾਈ ਬਹਾਲ ਕਰਨ ਲਈ ਅੱਜ ਸਵੇਰੇ ਕਰੀਬ 7.30 ਕੁ ਵਜੇ ਨੂਰਪੁਰ ਬੇਦੀ ਸਥਿਤ ਬੜਵਾ ਫੀਡਰ ਜਿਸਦੇ ਕੁੱਝ ਪਿੰਡਾਂ ਦੀ ਰਾਤ ਤੋਂ ਹੀ ਬਿਜਲੀ ਸਪਲਾਈ ਬੰਦ ਸੀ ਦੇ ਨੂਰਪੁਰ ਬੇਦੀ ਬਾਈਪਾਸ ਲਾਗੇ ਸਥਿਤ ਮੇਨ ਟੀ-ਆਫ ਦੀ ਮੁਰੰਮਤ ਲਈ ਗੁਰਮੀਤ ਸਿੰਘ ਹੋਰਨਾਂ ਸਾਥੀਆਂ ਨਾਲ ਪੋਲ ‘ਤੇ ਚੜ੍ਹ ਕੇ ਜੰਪਰ ਠੀਕ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਜੰਪਰ ਠੀਕ ਕਰਨ ਤੋਂ ਬਾਅਦ ਉਹ ਪੋਲ ਤੋਂ ਹੇਠਾਂ ਡਿਗ ਗਿਆ। ਮੌਕੇ ‘ਤੇ ਮੌਜੂਦ ਜੇ.ਈ. ਰੋਹਿਤ ਕੁਮਾਰ ਤੇ ਹੋਰਨਾਂ ਮੁਲਾਜ਼ਮਾਂ ਨੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਇਲਾਜ ਲਈ ਪਹੁੰਚਾਇਆ। ਮਗਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐਸ.ਡੀ.�. ਰਾਜੇਸ਼ ਸ਼ਰਮਾ ਨੇ ਆਖਿਆ ਕਿ ਬਿਜਲੀ ਬਹਾਲ ਕਰਨ ਮੌਕੇ ਸਪਲਾਈ ਬੰਦ ਸੀ ਅਤੇ ਇਹ ਹਾਦਸਾ ਕਰੰਟ ਲੱਗਣ ਨਾਲ ਨਹੀਂ ਬਲਕਿ ਅਚਾਨਕ ਵਾਪਰਿਆ ਹੈ। ਸਮੂਹ ਬਿਜਲੀ ਮੁਲਾਜ਼ਮਾਂ ਨੇ ਲਾਈਨਮੈਨ ਦੀ ਮੌਤ ‘ਤੇ ਦੁੱਖ ਜਤਾਇਆ। ਪੁਲਸ ਨੇ ਫ਼ਿਲਹਾਲ ਵਿਭਾਗ ਦੇ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਦਰਜ ਕਰਵਾਏ ਗਏ ਬਿਆਨਾਂ ਉਪਰੰਤ 94 ਬੀ.ਐਨ.ਐਸ. (ਐਸ.) ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।