ਰੂਪਨਗਰ, 24 ਜੂਨ (ਸਤਨਾਮ ਸਿੰਘ ਸੱਤੀ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼, ਪੰਜਾਬ ਰਾਜ ਬਿਜਲੀ ਬੋਰਡ ਵਲੋਂ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਪਾਵਰਕੌਮ ਮੈਨੇਜਮੈਂਟ ਦੇ ਗੈਰ-ਸੰਜੀਦਾ ਰਵੱਈਏ ਖ਼ਿਲਾਫ਼ ਸੰਘਰਸ਼ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤਹਿਤ ਬੁੱਧਵਾਰ ਨੂੰ ਪਾਵਰਕੌਮ ਦੇ ਸਰਕਲ ਦਫ਼ਤਰ ਰੂਪਨਗਰ ਅੱਗੇ ਰੋਸ ਰੈਲੀ ਕੀਤੀ ਗਈ। ਜੇ.ਈ. ਕੌਂਸਲ ਸਰਕਲ ਰੂਪਨਗਰ ਦੇ ਪ੍ਰਧਾਨ ਇੰਜੀ. ਕੁਲਵਿੰਦਰ ਸਿੰਘ ਝੱਜ ਅਤੇ ਸਕੱਤਰ ਇੰਜੀ. ਹਰਜੀਤ ਸਿੰਘ ਨੇਕ ਨੇ ਦੱਸਿਆ ਕਿ ਕੇਂਦਰੀ ਵਰਕਿੰਗ ਕਮੇਟੀ ਦੇ ਫ਼ੈਸਲੇ ਅਨੁਸਾਰ 2 ਜੁਲਾਈ ਨੂੰ ਬਠਿੰਡਾ, 7 ਜੁਲਾਈ ਨੂੰ ਜਲੰਧਰ, 10 ਜੁਲਾਈ ਨੂੰ ਪਟਿਆਲਾ ਅਤੇ 14 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਜ਼ੋਨਲ ਧਰਨੇ ਦਿੱਤੇ ਜਾਣਗੇ, ਜਦਕਿ 21 ਜੁਲਾਈ ਨੂੰ ਖੰਨਾ ਵਿਖੇ ਪੰਜਾਬ ਦੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਸੰਘਰਸ਼ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਦੋਸ਼ ਲਾਇਆ ਕਿ ਪਾਵਰ ਮੈਨੇਜਮੈਂਟ ਵਲੋਂ ਜੂਨੀਅਰ ਇੰਜੀਨੀਅਰਾਂ ਦੀਆਂ ਅਹਿਮ ਮੰਗਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਜੇ.ਈ. ਨੂੰ 47,900 ਰੁਪਏ ਸ਼ੁਰੂਆਤੀ ਤਨਖ਼ਾਹ ਸਕੇਲ, 9/16 ਸਾਲਾਂ ਦੇ ਸਮਾਂਬੱਧ ਤਰੱਕੀ ਸਕੇਲ ਦੀ ਬਹਾਲੀ, ਸਪੈਸ਼ਲ ਅਲਾਊਂਸ, ਪੈਟਰੋਲ ਅਤੇ ਵਾਹਨ ਰੱਖ-ਰਖਾਅ ਭੱਤਾ, ਰੁਕੀਆਂ ਤਰੱਕੀਆਂ ਨੂੰ ਜਲਦ ਲਾਗੂ ਕਰਨ ਅਤੇ ਤਕਨੀਕੀ ਅਮਲੇ ਦੀ ਘਾਟ ਨੂੰ ਦੂਰ ਕਰਨ ਦੀਆਂ ਮੰਗਾਂ ਲੰਬੇ ਸਮੇਂ ਤੋਂ ਪੈਂਡਿੰਗ ਹਨ। ਉਨ੍ਹਾਂ ਕਿਹਾ ਕਿ ਫ਼ੀਲਡ ਦਫ਼ਤਰਾਂ ਵਿਚ ਮਨੁੱਖੀ ਬਲ ਅਤੇ ਬੁਨਿਆਦੀ ਢਾਂਚੇ ਦੀ ਭਾਰੀ ਘਾਟ ਦੇ ਬਾਵਜੂਦ ਜੂਨੀਅਰ ਇੰਜੀਨੀਅਰਾਂ ‘ਤੇ ਕੰਮ ਦਾ ਬੋਝ ਵਧਾਇਆ ਜਾ ਰਿਹਾ ਹੈ। ਬਿਜਲੀ ਸ਼ਿਕਾਇਤਾਂ ਦਾ ਨਿਪਟਾਰਾ, ਲਗਾਤਾਰ ਰਿਪੋਰਟਿੰਗ ਤੇ ਹਾਦਸਿਆਂ ਦੀ ਸੂਰਤ ਵਿਚ ਐਫ.ਆਈ.ਆਰ. ਦੇ ਖ਼ਤਰੇ ਕਾਰਨ ਇੰਜੀਨੀਅਰਾਂ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ.ਈ. ਕੌਂਸਲ ਨੇ ਐਲਾਨ ਕੀਤਾ ਕਿ ਇਸ ਸਬੰਧੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਤੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਵੀ ਪੱਤਰ ਲਿਖ ਕੇ ਦਖ਼ਲ ਦੀ ਮੰਗ ਕੀਤੀ ਜਾਵੇਗੀ। ਕੌਂਸਲ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।