ਨੂਰਪੁਰ ਬੇਦੀ, 25 ਜੂਨ (ਰਾਜੇਸ਼ ਚੌਧਰੀ)-ਬਲਾਕ ਨੂਰਪੁਰ ਬੇਦੀ ’ਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੀਤੇ ਦਿਨ ਪਿੰਡ ਲਖਣੋਂ ਵਿਖੇ ਹੋਈ ਚੋਰੀ ਦੀ ਚਰਚਾ ਹਾਲੇ ਬੰਦ ਵੀ ਨਹੀਂ ਹੋਈ ਸੀ ਕਿ ਨਜ਼ਦੀਕੀ ਪਿੰਡ ਤਖ਼ਤਗੜ੍ਹ ਵਿਖੇ ਸਥਿਤ ਬ੍ਰਹਮਾ ਮੰਦਰ ਵਿਚ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਮੰਦਰ ਦਾ ਗੱਲਾ ਕੱਟ ਕੇ ਉਸ ਵਿਚ ਪਈ ਹਜ਼ਾਰਾਂ ਰੁਪਏ ਦੀ ਚੜ੍ਹਾਵੇ ਦੀ ਰਾਸ਼ੀ ਚੋਰੀ ਕਰਕੇ ਫ਼ਰਾਰ ਹੋ ਗਏ। ਦੇਖਣ ਤੋਂ ਮੰਦਰ ਦਾ ਗੱਲਾ ਕਟਰ ਨਾਲ ਕੱਟਿਆ ਲੱਗ ਰਿਹਾ ਸੀ। ਮੰਦਰ ਦੇ ਪ੍ਰਬੰਧਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਬਾਅਦ ਦੁਪਹਿਰ ਮੰਦਰ ਵਿਚ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮੰਦਰ ਵਿਚ ਰੱਖਿਆ ਸਟੀਲ ਦਾ ਗੱਲਾ ਕੱਟਿਆ ਹੋਇਆ ਸੀ। ਨੇੜੇ ਜਾ ਕੇ ਜਾਚ ਕਰਨ ’ਤੇ ਪਤਾ ਲੱਗਿਆ ਕਿ ਅਣਪਛਾਤੇ ਚੋਰ ਗੱਲੇ ਵਿਚ ਪਈ ਚੜ੍ਹਾਵੇ ਦੀ ਨਕਦੀ ਰਾਸ਼ੀ ਚੋਰੀ ਕਰਕੇ ਲੈ ਗਏ ਹਨ। ਸੁਰਿੰਦਰ ਕੁਮਾਰ ਅਨੁਸਾਰ ਗੱਲੇ ਵਿਚ ਕਰੀਬ 10 ਤੋਂ 15 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਹੋ ਸਕਦੀ ਹੈ। ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਅਤੇ ਸ਼ਰਧਾਲੂਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।