ਬੇਲਾ, 26 ਜੂਨ (ਮਨਜੀਤ ਸਿੰਘ ਸੈਣੀ)-ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਪਣੇ ਨਸ਼ੇ ਦੀ ਪੂਰਤੀ ਲਈ ਨਸ਼ੇੜੀ ਕਿਸੇ ਵੀ ਹੱਦ ਤੱਕ ਜਾਂਦੇ ਹਨ ਚਾਹੇ ਉਹ ਗੁਰੂ ਘਰ ਹੋਏ, ਸ਼ਮਸ਼ਾਨ ਘਰ, ਕਿਸਾਨਾਂ ਦੀਆਂ ਮੋਟਰਾਂ, ਇੱਥੋਂ ਤੱਕ ਕਿ ਚੱਲਦੀ ਬਿਜਲੀ ਦੀ ਸਪਲਾਈ ਸਮੇਂ ਟਰਾਂਸਫ਼ਾਰਮਰ ਦਾ ਸਮਾਨ, ਕੇਬਲਾਂ ਚੋਰੀ ਕਰ ਲੈਂਦੇ ਹਨ। ਬੀਤੀ ਰਾਤ ਵੀ ਚੋਰਾਂ ਵਲੋਂ ਦੋ ਪਿੰਡਾਂ ਸਲਾਹਪੁਰ ਅਤੇ ਮੋਹਣ ਮਾਜਰਾ, ਦੇ ਗੁਰਦੁਆਰਾ ਸਾਹਿਬ ਦੀ ਗੋਲਕਾਂ ਚੋਰੀ ਕਰਕੇ ਲੈ ਗਏ। ਇਸ ਦੀ ਜਾਣਕਾਰੀ ਦਿੰਦਿਆਂ ਪਿੰਡ ਸਲਾਹਪੁਰ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਹਰ ਰੋਜ਼ ਦੀ ਤਰਾ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਡਿਊਟੀ ਕਰਨ ਗਿਆ ਤਾਂ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹੇ ਸਨ ਅਤੇ ਜਿੰਦਰੇ ਟੁੱਟੇ ਹੋਏ ਸਨ ਜਦੋਂ ਅੰਦਰ ਦੇਖਿਆ ਤਾਂ ਗੋਲਕ ਅਤੇ ਡੀਵੀਆਰ ਨਹੀਂ ਸਨ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਚੋਰੀ ਹੋਣ ਦੀ ਸੂਚਨਾ ਦਿੱਤੀ। ਪਿੰਡ ਵਾਸੀਆਂ ਨੇ ਇਸ ਚੋਰੀ ਦੀ ਸ਼ਿਕਾਇਤ ਪੁਲਿਸ ਚੌਕੀ ਡੱਲਾਂ ਵਿਖੇ ਦਰਜ ਕਰਵਾਈ ਜ਼ਿਕਰਯੋਗ ਹੈ ਮਹੀਨਾ ਕੁ ਪਹਿਲਾ ਪਿੰਡ ਸਲਾਹਪੁਰ ਦੇ ਸ਼ਮਸ਼ਾਨਘਾਟ ਤੋ ਸੰਸਕਾਰ ਕਰਨ ਵਾਲੀ ਭੱਠੀ ਵੀ ਚੋਰੀ ਹੋਈ ਸੀ ਜੋ ਇੱਕ ਲੱਖ ਰੁਪਏ ਤੋ ਵੱਧ ਦਾ ਨੁਕਸਾਨ ਹੋਇਆ ਸੀ। ਇਸੇ ਤਰਾਂ ਪਿੰਡ ਮੋਹਣ ਮਾਜਰਾ ਦੇ ਗੁਰਦੁਆਰਾ ਸਾਹਿਬ ‘ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦਿੰਦਿਆਂ ਗ੍ਰੰਥੀ ਭਾਈ ਹੀਰਾ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਮੇਨ ਦਰਵਾਜ਼ਿਆਂ ਦੇ ਜਿੰਦੇ ਤੋੜ ਕੇ ਗੋਲਕ ‘ਚੋ ਮਾਇਆ ਚੋਰੀ ਕਰਕੇ ਲੈ ਗਏ। ਸੀ.ਸੀ.ਟੀ.ਵੀ. ਕੈਮਰਿਆਂ ਵਿਚ ਦੋ ਨੌਜਵਾਨ ਮੂੰਹ ਬੰਨ੍ਹੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਕੋਲ ਆਏ ਉਨਾਂ ‘ਚੋ ਇੱਕ ਕੰਧ ਟੱਪ ਕੇ ਅੰਦਰ ਗਿਆ ਜਿੰਦਰੇ ਤੋੜ ਕੇ ਗੋਲਕ ਤੋੜ ਕੇ ਪੈਸੇ ਕੱਢ ਕੇ ਫ਼ਰਾਰ ਹੋ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪੁਲਿਸ ਚੌਕੀ ਡੱਲਾਂ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਮੌਕਾ ਦੇਖ ਕੇ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ।