ਸ੍ਰੀ ਅਨੰਦਪੁਰ ਸਾਹਿਬ, 26 ਜੂਨ (ਜੇ. ਐਸ. ਨਿੱਕੂਵਾਲ)-ਪੀ.ਐਸ. ਟੈੱਟ ਪਾਸ ਬੇਰੋਜਗਾਰ ਡੀ.ਪੀ.ਈ. ਅਤੇ ਲੈਕਚਰਾਰ ਸਰੀਰਕ ਸਿੱਖਿਆ ਯੂਨੀਅਨ ਪੰਜਾਬ ਵਲੋਂ ਸਰੀਰਕ ਸਿੱਖਿਆ ਲੈਕਚਰਾਰਾਂ ਦੀਆਂ ਅਸਾਮੀਆਂ ਨਾ ਕੱਢੇ ਜਾਣ ’ਤੇ ਰੋਸ ਦਾ ਇਜ਼ਹਾਰ ਕੀਤਾ ਹੈ। ਸੂਬਾ ਪ੍ਰਧਾਨ ਰਮਨਪ੍ਰੀਤ ਸਿੰਘ ਬੈਂਸ ਨੇ ਲਿਖਤੀ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 11ਵੀਂ ਅਤੇ 12ਵੀਂ ਜਮਾਤਾਂ ਵਿਚ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਵਿਸ਼ਾ ਪੜ੍ਹਦੇ ਲਗਭਗ ਢਾਈ ਲੱਖ ਵਿਦਿਆਰਥੀਆਂ ਲਈ ਸੂਬੇ ਦੇ 1942 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਮਹਿਜ 593 ਲੈਕਚਰਾਰ ਮੌਜੂਦ ਹਨ। ਜਦੋਕਿ 1349 ਸਕੂਲ ਸਰੀਰਕ ਸਿੱਖਿਆ ਲੈਕਚਰਾਰਾਂ ਤੋਂ ਸੱਖਣੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਸੇਵਾ ਨਿਯਮਾਂ ਦੀ ਆੜ ਹੇਠ 2018 ਵਿਚ ਸਰੀਰਕ ਸਿੱਖਿਆ ਲੈਕਚਰਾਰਾਂ ਦੀਆਂ 765 ਪੋਸਟਾਂ ਨੂੰ ਘਟਾ ਕੇ 500 ਕਰ ਦਿੱਤਾ ਗਿਆ ਸੀ। ਪ੍ਰੰਤੂ ਹੁਣ ਸੂਬਾ ਸਰਕਾਰ ਵਲੋਂ ਸਰੀਰਕ ਸਿੱਖਿਆ ਵਿਸ਼ੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਹਿਤਾਂ ਨੂੰ ਦੇਖਦੇ ਹੋਏ ਸਰੀਰਕ ਸਿੱਖਿਆ ਲੈਕਚਰਾਰ ਦੀਆਂ ਇੱਕ ਹਜਾਰ ਅਸਾਮੀਆਂ ਕੱਢੀਆਂ ਜਾਣ ਅਤੇ ਵਿਦਿਆਰਥੀਆਂ ਦੇ ਹਿਤਾਂ ਦਾ ਖ਼ਿਆਲ ਕੀਤਾ ਜਾਵੇ।