ਪੁਰਖਾਲੀ, 7 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਦੇ ਚੱਲ ਰਹੇ ਕੰਮ ਅੱਧ ਵਿਚਕਾਰ ਰੁਕਣ ਕਾਰਨ ਇਲਾਕਾ ਵਾਸੀਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦਾ ਡਰੀਮ ਪ੍ਰੋਜੈਕਟ ਸਿਸਵਾਂ ਟੀ ਪੁਆਇੰਟ ਨਿਊ ਚੰਡੀਗੜ੍ਹ ਤੋਂ ਵਾਇਆ ਪੁਰਖਾਲੀ ਹੋ ਕੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੀ ਸੜਕ ਦਾ ਕੰਮ ਸ਼ੁਰੂ ਹੋਏ ਨੂੰ ਕਰੀਬ 2 ਸਾਲ ਬੀਤਣ ਵਾਲੇ ਹੋ ਗਏ ਹਨ, ਪਰ ਸੜਕ ਦਾ ਨਿਰਮਾਣ ਕਾਰਜ ਕਰੀਬ 2 ਸਾਲਾਂ ਦੇ ਅਰਸੇ ‘ਚ ਵੀ ਪੂਰਾ ਨਹੀਂ ਹੋ ਸਕਿਆ ਲੋਕਾਂ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਸੜਕ ਦਾ ਕੰਮ ਅੱਧ ਵਿਚਕਾਰ ਹੀ ਰੁਕਿਆ ਪਿਆ ਹੈ। ਲੋਕਾਂ ਅਨੁਸਾਰ ਸੜਕ ਦਾ ਕੰਮ ਰੁਕਣ ਕਾਰਨ ਇਲਾਕਾ ਵਾਸੀ ਖ਼ੂਬ ਪ੍ਰੇਸ਼ਾਨ ਹੋ ਰਹੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਰਖਾਲੀ -ਮੀਆਂਪੁਰ-ਰੰਗੀਲਪੁਰ ਸੜਕ ਦੀ ਰਿਪੇਅਰ ਦਾ ਕੰਮ ਵੀ ਵਿਚਾਲੇ ਰੁਕਿਆ ਪਿਆ ਹੈ। ਮੀਆਂਪੁਰ ਤੋਂ ਪੰਜੋਲੀ-ਪੰਜੋਲਾ ਬਬਾਨੀ ਹੋ ਕੇ ਬਿੰਦਰਖ ਜਾਣ ਵਾਲੀ ਦੀ ਰਿਪੇਅਰ ਦਾ ਕੰਮ ਵੀ ਮੁਕੰਮਲ ਹੋਣ ਨੂੰ ਤਰਸ ਰਿਹਾ ਹੈ। ਮੀਆਂਪੁਰ ਤੋਂ ਠੌਣਾ ਸੜਕ ਅਤੇ ਮੀਆਂਪੁਰ ਤੋਂ ਪੜ੍ਹੀ-ਮਾਦਪੁਰ- ਸੈਂਫਲਪੁਰ ਸੜਕ ਦਾ ਕੰਮ ਵੀ ਵਿਚਾਲੇ ਰੁਕਿਆ ਪਿਆ ਹੈ, ਲੋਕਾਂ ਅਨੁਸਾਰ ਲੋਕ ਨਿਰਮਾਣ ਵਿਭਾਗ ਰੂਪਨਗਰ ਇਲਾਕੇ ਦੀਆਂ ਸੜਕਾਂ ਦੀ ਸਮੇਂ ਸਿਰ ਰਿਪੇਅਰ ਪੂਰੀ ਕਰਵਾਉਣ ਚ ਫ਼ੇਲ੍ਹ ਸਾਬਤ ਹੋਇਆ ਹੈ, ਇਸ ਸਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਕੁਲਵਿੰਦਰ ਸਿੰਘ ਪੰਜੋਲਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਸਤਵਿੰਦਰ ਸਿੰਘ ਬਬਾਨੀ, ਸੇਵਾ ਸਿੰਘ ਬਬਾਨੀ, ਸੋਹਣ ਸਿੰਘ ਬਬਾਨੀ, ਕਾਂਗਰਸੀ ਆਗੂ ਗੁਰਚਰਨ ਸਿੰਘ ਠੌਣਾ, ਡਾਇਰੈਕਟਰ ਮਨਜਿੰਦਰ ਸਿੰਘ ਲਾਡੀ, ਸੁਖਵਿੰਦਰ ਸਿੰਘ ਬਿੰਦਰਖ, ਦਿਲਬਰ ਸਿੰਘ ਸਾ ਸਰਪੰਚ ਪੁਰਖਾਲੀ, ਨੰ ਹਰਪ੍ਰੀਤ ਸਿੰਘ ਹਿਰਦਾਪੁਰ ਸਮੇਤ ਇਲਾਕੇ ਦੇ ਹੋਰ ਆਗੂਆਂ ਨੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਜਲਦੀ ਸੜਕਾਂ ਦਾ ਕੰਮ ਮੁਕੰਮਲ ਨਾ ਕੀਤਾ ਤਾਂ ਇਲਾਕਾ ਵਾਸੀਆਂ ਵਲੋਂ ਵਿਭਾਗ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ।