ਰੂਪਨਗਰ, 15 ਜੁਲਾਈ (ਸਤਨਾਮ ਸਿੰਘ ਸੱਤੀ)-ਪੰਜਾਬ ਦੇ ਰੂਪਨਗਰ ਦੇ 7 ਸਾਲਾ ਤੇਗਬੀਰ ਸਿੰਘ ਨੇ ਇਕ ਹੋਰ ਇਤਿਹਾਸਕ ਉਪਲਬਧੀ ਆਪਣੇ ਨਾਮ ਕਰਦਿਆਂ 6000+ ਮੀਟਰ ਤੋਂ ਵੱਧ ਉੱਚੀ ਚੋਟੀ ਸਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਨ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੀ ਤੀਜੀ ਜਮਾਤ ਦਾ ਵਿਦਿਆਰਥੀ ਤੇਗਬੀਰ ਸਿੰਘ ਨੇ 7 ਸਾਲ 9 ਮਹੀਨੇ ਦੀ ਉਮਰ ਵਿਚ ਹਿਮਾਚਲ ਪ੍ਰਦੇਸ਼ ਦੇ ਲਾਹੌਲ ਖੇਤਰ ਦੀ ਜ਼ੰਸਕਰ ਪਰਬਤ ਲੜੀ ਵਿਚ ਸਥਿਤ ਮਾਊਂਟ ਯੂਨਮ (6,111 ਮੀਟਰ) ਨੂੰ ਸਫਲਤਾਪੂਰਵਕ ਫ਼ਤਿਹ ਕੀਤਾ। ਇਸ ਨਾਲ ਉਸ ਨੇ ਮੁੰਬਈ ਦੀ ਕਾਮਿਆ ਕਾਰਤੀਕੇਅਨ ਦਾ ਰਿਕਾਰਡ ਤੋੜ ਦਿੱਤਾ, ਜਿਸ ਨੇ 2017 ਵਿਚ 9 ਸਾਲ 11 ਮਹੀਨੇ ਦੀ ਉਮਰ ਵਿਚ 6000+ ਮੀਟਰ ਦੀ ਚੋਟੀ ਸਰ ਕੀਤੀ ਸੀ। ਤੇਗਬੀਰ ਨੇ 7 ਜੁਲਾਈ ਨੂੰ ਆਪਣੀ ਮੁਹਿੰਮ ਸ਼ੁਰੂ ਕੀਤੀ ਅਤੇ ਛੇ ਦਿਨਾਂ ਦੀ ਸਖ਼ਤ ਚੜ੍ਹਾਈ ਤੋਂ ਬਾਅਦ 13 ਜੁਲਾਈ ਨੂੰ ਦੁਪਹਿਰ 2:50 ਵਜੇ ਆਪਣੇ ਪਿਤਾ ਸੁਖਿੰਦਰਦੀਪ ਸਿੰਘ ਅਤੇ ਦੋ ਗਾਈਡਾਂ ਨਾਲ ਸਿਖਰ ‘ਤੇ ਪਹੁੰਚਿਆ। ਇਸ ਦੌਰਾਨ ਉਸ ਨੇ ਘੱਟ ਆਕਸੀਜਨ, ਮਾਈਨਸ 5 ਡਿਗਰੀ ਸੈਲਸੀਅਸ ਤਾਪਮਾਨ ਅਤੇ ਔਖੇ ਪਹਾੜੀ ਰਸਤੇ ਵਰਗੀਆਂ ਚੁਨੌਤੀਆਂ ਦਾ ਸਾਹਮਣਾ ਕੀਤਾ। ਆਪਣੀ ਸਫਲਤਾ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਤੇਗਬੀਰ ਨੇ ਕਿਹਾ, ‘’ਮੈਨੂੰ ਪਤਾ ਸੀ ਕਿ ਇਹ ਮੁਸ਼ਕਲ ਹੋਵੇਗਾ, ਪਰ ਮੈਂ ਤਿਆਰੀ ਕੀਤੀ ਸੀ। ਮੈਂ ਆਪਣੇ ਪਿਤਾ ਨਾਲ ਸਿਖਰ ‘ਤੇ ਪਹੁੰਚ ਕੇ ਬਹੁਤ ਖ਼ੁਸ਼ ਹਾਂ। ਪਹਿਲੀ ਵਾਰ 6000+ ਮੀਟਰ ਦੀ ਚੋਟੀ ‘ਤੇ ਚੜ੍ਹਿਆ ਹਾਂ। ਉੱਥੇ ਆਕਸੀਜਨ ਘੱਟ ਸੀ, ਪਰ ਮੈਂ ਇਸ ਲਈ ਪਹਿਲਾਂ ਅਭਿਆਸ ਕੀਤਾ ਹੋਇਆ ਸੀ।’’ ਤੇਗਬੀਰ ਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਲਈ ਪਿਛਲੇ ਛੇ ਮਹੀਨਿਆਂ ਤੋਂ ਵਿਸ਼ੇਸ਼ ਤਿਆਰੀ ਕਰਵਾਈ ਗਈ ਸੀ। ਅਪ੍ਰੈਲ ਵਿਚ ਕੀਤਾ ਗਿਆ ਅੰਨਪੂਰਨਾ ਸਰਕਟ ਟਰੈਕ ਇਸ ਚੁਣੌਤੀ ਦੀ ਤਿਆਰੀ ਦਾ ਹਿੱਸਾ ਸੀ। ਸੇਵਾਮੁਕਤ ਕੋਚ ਬਿਕਰਮਜੀਤ ਸਿੰਘ ਘੁੰਮਣ ਨੇ ਉਚਾਈ ‘ਤੇ ਸਰੀਰ ਨੂੰ ਅਨੁਕੂਲ ਬਣਾਉਣ, ਦਿਲ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਲਈ ਵਿਸ਼ੇਸ਼ ਸਿਖਲਾਈ ਦਿੱਤੀ। ਮਾਂ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਸਖ਼ਤ ਖ਼ੁਰਾਕ ਯੋਜਨਾ ਅਤੇ ਨਿਯਮਤ ਅਭਿਆਸ ਨੇ ਵੀ ਇਸ ਸਫਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਤੇਗਬੀਰ ਇਸ ਤੋਂ ਪਹਿਲਾਂ ਵੀ ਕਈ ਵਿਸ਼ਵ ਪੱਧਰੀ ਪ੍ਰਾਪਤੀਆਂ ਆਪਣੇ ਨਾਮ ਕਰ ਚੁੱਕਾ ਹੈ। ਅਪ੍ਰੈਲ 2026 ਵਿਚ ਉਹ ਨੇਪਾਲ ਦੇ 235 ਕਿੱਲੋਮੀਟਰ ਲੰਬੇ ਅੰਨਪੂਰਨਾ ਸਰਕਟ ਨੂੰ ਪੂਰਾ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣਿਆ। ਜੂਨ 2025 ਵਿਚ ਉਸ ਨੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ਸਰ ਕਰਕੇ ਵਿਸ਼ਵ ਰਿਕਾਰਡ ਬਣਾਇਆ, ਜਦਕਿ ਅਗਸਤ 2024 ਵਿਚ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਫ਼ਤਿਹ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣਿਆ। ਅਪ੍ਰੈਲ 2024 ਵਿਚ ਉਹ ਸਿਰਫ਼ 5 ਸਾਲ 7 ਮਹੀਨੇ ਦੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਵੀ ਪਹੁੰਚਿਆ ਸੀ। ਤੇਗਬੀਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਉਸ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 3 ਜੁਲਾਈ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਵੀ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ।