ਨੂਰਪੁਰ ਬੇਦੀ, 17 ਜੁਲਾਈ (ਹਰਦੀਪ ਸਿੰਘ ਢੀਂਡਸਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਖੇਤਰ ਸ੍ਰੀ ਅਨੰਦਪੁਰ ਸਾਹਿਬ ਵਲੋਂ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ, ਮੁਕਾਰੀ ਵਿਖੇ ਦਸਤਾਰ ਸਜਾਓ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ ਗਈ। ਵੀਰ ਗੁਰਪ੍ਰੀਤ ਸਿੰਘ ਭੈਣੀ ਵਲੋਂ ਸੰਗਤਾਂ ਨਾਲ ਭਾਈ ਤਾਰੂ ਸਿੰਘ ਜੀ ਕੇ ਜੀਵਨ ਅਤੇ ਸ਼ਹੀਦੀ ਸੰਬੰਧੀ ਵਿਸਥਾਰ ਪੂਰਵਕ ਵਿਚਾਰ ਸਾਂਝੇ ਕੀਤੇ। ਇਸ ਮੁਕਾਬਲੇ ਵਿਚ ਵੱਖ-ਵੱਖ ਉਮਰ ਵਰਗਾਂ ਦੇ 45 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਹਿਲੇ ਵਰਗ (ਉਮਰ 8 ਤੋਂ 10 ਸਾਲ) ਵਿਚ ਅਵਿਰਾਜ ਸਿੰਘ ਪੁੱਤਰ ਸੁਖਜਿੰਦਰ ਸਿੰਘ ਗੱਦੀਵਾਲ ਨੇ ਪਹਿਲਾ, ਜਸਦੀਪ ਸਿੰਘ ਪੁੱਤਰ ਰਣਜੀਤ ਸਿੰਘ ਥਾਣਾ ਨੇ ਦੂਜਾ ਅਤੇ ਸਮਰਵੀਰ ਸਿੰਘ ਪੁੱਤਰ ਹਰਦੀਪ ਸਿੰਘ ਮੋਠਾਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਵਰਗ (ਉਮਰ 11 ਤੋਂ 14 ਸਾਲ) ਵਿਚ ਬਵਨੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਸਨੋਲੀ ਮਜਾਰਾ ਨੇ ਪਹਿਲਾ, ਸੁਖਮਨ ਸਿੰਘ ਪੁੱਤਰ ਅਵਤਾਰ ਸਿੰਘ ਭਲਾਣ ਨੇ ਦੂਜਾ ਅਤੇ ਅੰਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ ਮੋਠਾਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜੇ ਵਰਗ (ਉਮਰ 15 ਤੋਂ 18 ਸਾਲ) ਵਿਚ ਜਸ਼ਨਜੋਤ ਸਿੰਘ ਪੁੱਤਰ ਇਕਬਾਲ ਸਿੰਘ ਕਕਰਾਲਾ ਨੇ ਪਹਿਲਾ, ਇੰਦਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਅਮਰਪੁਰ ਬੇਲਾ ਨੇ ਦੂਜਾ ਅਤੇ ਅੰਮ੍ਰਿਤਜੋਤ ਸਿੰਘ ਪੁੱਤਰ ਗੁਰਨਾਮ ਸਿੰਘ ਭੱਲੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੈਂਪ ਦੇ ਸੰਚਾਲਕ ਭਾਈ ਦਿਆਲ ਸਿੰਘ ਮੁਕਾਰੀ ਵਲੋਂ ਜੇਤੂ ਬੱਚਿਆਂ ਨੂੰ ਨਕਦ ਇਨਾਮ ਅਤੇ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲੇ ਵਿਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਮੈਡਲ ਅਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦੌਰਾਨ ਗਗਨਦੀਪ ਸਿੰਘ ਕਲਵਾਂ, ਲਾਲ ਸਿੰਘ ਅਤੇ ਧਰਮਪ੍ਰੀਤ ਸਿੰਘ ਨੇ ਜੱਜਾਂ ਦੀ ਭੂਮਿਕਾ ਬਾਖ਼ੂਬੀ ਨਿਭਾਈ, ਜਦਕਿ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸ਼ਮਸ਼ੇਰ ਸਿੰਘ ਕੋਟਲਾ ਨੇ ਨਿਭਾਈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮਨਦੀਪ ਸਿੰਘ ਅਨੰਦਪੁਰੀ, ਗੁਰਪ੍ਰੀਤ ਸਿੰਘ ਭੈਣੀ, ਹਰਪ੍ਰੀਤ ਸਿੰਘ ਗੰਗੂਵਾਲ ਅਤੇ ਬਿਕਰਮਜੀਤ ਸਿੰਘ ਰੋਪੜ੍ਹ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਮੁਕਾਰੀ ਦੇ ਪ੍ਰਬੰਧਕਾਂ ਤੇ ਪੀਰ ਬਾਬਾ ਜਿੰਦਾ ਸਹੀਦ ਸਕੂਲ ਦੇ ਪ੍ਰਿੰਸੀਪਲ ਓਂਕਾਰ ਸਿੰਘ ਵਲੋਂ ਸਟੱਡੀ ਸਰਕਲ ਦੀ ਟੀਮ ਨੂੰ ਵਿੱਤੀ ਸਹਾਇਤਾ ਰਾਸ਼ੀ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਦਸਤਾਰ ਕੈਂਪ ਦੇ ਕਨਵੀਨਰ ਦਲਵਿੰਦਰ ਸਿੰਘ ਸਮੀਰੋਵਾਲ ਨੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦਸਤਾਰ ਕੈਂਪਾਂ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਭਾਈ ਪਰਮਜੀਤ ਸਿੰਘ ਅਬਿਆਣਾ, ਗੁਰਨਾਮ ਸਿੰਘ ਫੌਜੀ, ਚੇਅਰਮੈਨ ਰਾਮ ਕੁਮਾਰ ਮੁਕਾਰੀ, ਗੁਰਬਚਨ ਸਿੰਘ ਟੇਲਰ ਮਾਸਟਰ, ਅਰਜਨ ਸਿੰਘ, ਬਲਵਿੰਦਰ ਸਿੰਘ, ਰਾਮਦਾਸ, ਬੀਬੀ ਅਮਰ ਕੌਰ, ਅਮਨਜੀਤ ਕੌਰ, ਕੁਲਵਿੰਦਰ ਕੌਰ, ਸੁਰਿੰਦਰ ਕੌਰ, ਕਾਂਤਾ ਦੇਵੀ ,ਦਲਜੀਤ ਕੌਰ ਅਤੇ ਬਲਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ। ਸਮਾਗਮ ਦੀ ਸਮਾਪਤੀ ਮੌਕੇ ਸੰਗਤਾਂ ਲਈ ਚਾਹ ਅਤੇ ਨਮਕੀਨ ਦਾ ਲੰਗਰ ਅਤੁੱਟ ਵਰਤਾਇਆ ਗਿਆ।