05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਡੇਰਾਬੱਸੀ ਨਗਰ ਕੌਂਸਲ ਵਲੋਂ ਭਿਆਨਕ ਹਾਦਸੇ ਬਾਅਦ 3 ਮੰਜ਼ਿਲਾ ‘ਅਸੁਰੱਖਿਤ ਬਿਲਡਿੰਗ’ ਢਾਹੁਣ ਦੇ ਹੁਕਮ

Ad Position 21
No active advertisement
ਅਜੀਤ ਡੈਸਕ 18-07-2026
ਡੇਰਾਬੱਸੀ, 17 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਵਾ. ਨੰ. 13 ਦੇ ਸਰਸਵਤੀ ਵਿਹਾਰ ’ਚ ਬੁੱਧਵਾਰ ਰਾਤ ਨੂੰ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਨਗਰ ਕੌਂਸਲ ਸਖ਼ਤ ਐਕਸ਼ਨ ਦੇ ਮੂਡ ’ਚ ਹੈ। ਇਥੇ ਇਕ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਇਮਾਰਤ ਦੇ ਛੱਜੇ ਅਤੇ ਪਿਛਲੀਆਂ ਕੰਧਾਂ ਅਚਾਨਕ ਢਹਿ-ਢੇਰੀ ਹੋਣ ਦੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਦੋਂ ਕੌਂਸਲ ਨੇ ਰਿਕਾਰਡ ਖੰਗਾਲਿਆ ਤਾਂ ਉਸ ’ਚ ਵੱਡਾ ਖ਼ੁਲਾਸਾ ਹੋਇਆ। ਇਹ ਇਮਾਰਤ ਨਾ ਸਿਰਫ਼ ਪੂਰੀ ਤਰ੍ਹਾਂ ਨਾਜਾਇਜ਼ ਸੀ, ਸਗੋਂ ਬੇਹੱਦ ਅਸੁਰੱਖਿਅਤ ਵੀ ਪਾਈ ਗਈ। ਪ੍ਰਸ਼ਾਸਨ ਨੇ ਹੁਣ ਇਸ ਖ਼ਸਤਾ ਹਾਲ ਢਾਂਚੇ ਨੂੰ ਜ਼ਮੀਨਦੋਜ਼ ਕਰਨ ਦੇ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਹਨ। ਇਹ ਕਾਰਵਾਈ ਸੋਮਵਾਰ ਨੂੰ ਅੰਜਾਮ ਦਿੱਤੀ ਜਾਵੇਗੀ। ਇਸ ਬਾਬਤ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨੇ ਦੱਸਿਆ ਕਿ ਸ਼ਹਿਰ ’ਚ ਇਮਾਰਤਾਂ ਦੀ ਮਜ਼ਬੂਤੀ ਪਰਖਣ ਲਈ ਵਿਸ਼ੇਸ਼ ‘ਸੇਫਟੀ ਆਡਿਟ’ ਕਰਵਾਇਆ ਗਿਆ ਹੈ ਅਤੇ ਇਨ੍ਹਾਂ ਦੇ ਨਕਸ਼ੇ ਤੇ ਮਨਜ਼ੂਰੀਆਂ ਦੀ ਜਾਂਚ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸਾ ਗ੍ਰਸਤ ਇਮਾਰਤ ਦੇ ਅਸਲ ਮਾਲਕ ਦਾ ਅਜੇ ਤੱਕ ਕੋਈ ਥਾਂ-ਪਤਾ ਨਹੀਂ ਲੱਗ ਸਕਿਆ। ਚਰਚਾ ਹੈ ਕਿ ਮਾਲਕ ਵਿਦੇਸ਼ ’ਚ ਹੈ। ਇਸ ਦੌਰਾਨ ਮਾਲਕ ਦੇ ਇਕ ਨਜ਼ਦੀਕੀ ਨੇ ਖ਼ੁਦ ਅੱਗੇ ਆ ਕੇ ਬਿਲਡਿੰਗ ਨੂੰ ਆਪਣੇ ਪੱਧਰ ’ਤੇ ਤੋੜਨ (ਡਿਸਮੈਂਟਲ ਕਰਨ) ਦੀ ਪੇਸ਼ਕਸ਼ ਕੀਤੀ ਹੈ। ਪ੍ਰਸ਼ਾਸਨ ਨੇ ਉਸ ਨੂੰ ਸਿਰਫ਼ 3 ਦਿਨਾਂ ਦੀ ਮੋਹਲਤ ਦਿੱਤੀ ਹੈ, ਜੇਕਰ ਸੋਮਵਾਰ ਤੱਕ ਇਮਾਰਤ ਨਾ ਹਟਾਈ ਗਈ ਤਾਂ ਨਗਰ ਕੌਂਸਲ ਦਾ ਬੁਲਡੋਜ਼ਰ ਖ਼ੁਦ ਇਸ ਨਾਜਾਇਜ਼ ਢਾਂਚੇ ਨੂੰ ਢਾਹ ਦੇਵੇਗਾ, ਜਿਸ ਦਾ ਖ਼ਰਚਾ ਵੀ ਮਾਲਕ ਸਿਰ ਪਾਇਆ ਜਾਵੇਗਾ। ਨਗਰ ਕੌਂਸਲ ਵੱਲੋਂ ਜਾਰੀ ਨੋਟਿਸ ’ਚ ਸਾਫ਼ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਖ਼ਤਰਨਾਕ ਇਮਾਰਤ ਕਾਰਨ ਆਸ-ਪਾਸ ਦੇ ਲੋਕਾਂ ਦੀ ਜਾਨ-ਮਾਲ ਨੂੰ ਵੱਡਾ ਖ਼ਤਰਾ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਬਣੇ ਹੋਰ ਇਕ ਦਰਜਨ ਫਲੈਟਾਂ ਨੂੰ ਵੀ ‘ਪੰਜਾਬ ਮਿਊਂਸੀਪਲ ਐਕਟ 1911’ ਦੇ ਤਹਿਤ ਗੈਰ-ਕਾਨੂੰਨੀ ਨਿਰਮਾਣ ਦੇ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਫਲੈਟ ਮਾਲਕਾਂ ’ਚ ਸ਼ਾਮਿਲ ਆਕਾਸ਼, ਅਨਿਲ ਬੰਸਲ, ਲਵਲੀ, ਸੰਚਿਤ, ਦੇਵਰਾਜ, ਵਰਿੰਦਰ, ਵਿਕਾਸ ਕੁਮਾਰ, ਰਮਨ ਰਾਣੀ, ਗੁਰਵਿੰਦਰ ਸਿੰਘ, ਸੰਜੇ ਤੇ ਰੋਹਤਾਸ ਹਨ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਵਾ. ਨੰ. 3 ’ਚ ਸਫ਼ਾਈ ਮੁਹਿੰਮ ਨੇ ਫੜੀ ਰਫ਼ਤਾਰ ਅਗਲੀ ਖ਼ਬਰ ਐੱਲ. ਏ. ਡੀ. ਸੀ. ਪ੍ਰਣਾਲੀ ਖ਼ਿਲਾਫ਼ ਰੂਪਨਗਰ ਬਾਰ ਐਸੋਸੀਏਸ਼ਨ ਦੀ ਹੜਤਾਲ 10ਵੇਂ ਦਿਨ ’ਚ ਦਾਖ਼ਲ
Ad Position 24
No active advertisement