ਨੂਰਪੁਰ ਬੇਦੀ, 17 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਆਲ ਪੰਜਾਬ ਕਰੈਸ਼ਰ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕਰੈਸ਼ਰ ਉਦਯੋਗ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਡਾਟਾ ਐਂਟਰੀ ਆਪ੍ਰੇਟਰਾਂ ਦੀ ਆੜ ਹੇਠ ਠੇਕੇਦਾਰ ਹਿਮਾਚਲ ਪ੍ਰਦੇਸ਼ ਤੋਂ ਆ ਰਹੇ ਕੱਚੇ ਅਤੇ ਪੱਕੇ ਮਾਲ ਨਾਲ ਲੱਦੀਆਂ ਗੱਡੀਆਂ ਨੂੰ ਬਿਨਾਂ ਪਰਚੀ ਦੇ ਪੰਜਾਬ ਵਿਚ ਦਾਖ਼ਲ ਕਰਵਾ ਰਹੇ ਹਨ, ਜਿਸ ਕਾਰਨ ਇਕ ਪਾਸੇ ਪੰਜਾਬ ਸਰਕਾਰ ਦੇ ਮਾਲੀਏ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਜਦਕਿ ਦੂਜੇ ਪਾਸੇ ਨਿਯਮਾਂ ਅਨੁਸਾਰ ਕੰਮ ਕਰਨ ਵਾਲੀ ਪੰਜਾਬ ਦੀ ਕਰੈਸ਼ਰ ਇੰਡਸਟਰੀ ਨੂੰ ਭਾਰੀ ਆਰਥਿਕ ਸੱਟ ਪੈ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਹਨਪੁਰ ਖੂਹੀ ਤੋਂ ਖੇੜਾ ਕਲਮੋਟ ਤੱਕ ਸੜਕ ਦੇ ਨਿਰਮਾਣ ਕਾਰਜ ਨੂੰ ਲੈ ਕੇ 45 ਦਿਨਾਂ ਲਈ ਬੰਦ ਕਰਨ ਨਾਲ ਕਰੈਸ਼ਰ ਉਦਯੋਗ ਅਤੇ ਹੋਰ ਵਪਾਰਕ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ। ਜਿਸ ਲਈ ਲੋਕਾਂ ਅਤੇ ਉਦਯੋਗ ਦੀ ਸਹੂਲਤ ਲਈ ਜਲਦ ਤੋਂ ਜਲਦ ਕੋਈ ਢੁਕਵਾਂ ਬਦਲਵਾਂ ਰਸਤਾ ਮੁਹੱਈਆ ਕਰਵਾਇਆ ਜਾਵੇ। ਇਸ ਦੌਰਾਨ ਐਲਗਰਾਂ ਪੁਲ ਦੇ ਨਿਰਮਾਣ ਕਾਰਜ ਦੀ ਧੀਮੀ ਰਫ਼ਤਾਰ ਦਾ ਮਾਮਲਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਵਿਚ ਮੀਂਹ ਦਾ ਪਾਣੀ ਵਾਰ-ਵਾਰ ਆਰਜ਼ੀ ਬਣਾਏ ਜਾਂਦੇ ਪੁਲ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ, ਜਿਸ ਕਾਰਨ ਉਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਕੰਮ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਵਿਚ ਹੁਣ ਤੱਕ ਬਹੁਤ ਸਾਰੇ ਕਰੈਸ਼ਰ ਐਸੋਸੀਏਸ਼ਨ ਨਾਲ ਰਜਿਸਟਰ ਹੋ ਚੁੱਕੇ ਹਨ ਤੇ ਬਾਕੀ ਰਹਿੰਦੇ ਕਰੈਸ਼ਰ ਮਾਲਕਾਂ ਨੂੰ ਵੀ ਜਲਦ ਰਜਿਸਟਰੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਦਯੋਗ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਵਿਚ ਸਾਰੇ ਇੱਕਜੁੱਟ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰ ਸਕਣ।