ਮੋਰਿੰਡਾ, 17 ਜੁਲਾਈ (ਤਰਲੋਚਨ ਸਿੰਘ ਕੰਗ)- ਮਿਤੀ 17 ਜੁਲਾਈ 2026 ਨੂੰ ਪੱਤਰ ਨੰਬਰ 116 ਦੇ ਅਧੀਨ ਸਥਾਨਕ ਸਰਕਾਰ ਵਲੋਂ ਨੋਟੀਫਿਕੇਸ਼ਨ ਰਾਹੀਂ ਮੋਰਿੰਡਾ ਨਗਰ ਕੌਂਸਲ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ ਨੂੰ ਨਗਰ ਕੌਂਸਲ ਮੋਰਿੰਡਾ ਦਾ ਪ੍ਰਧਾਨ ਅਧਿਸੂਚਿਤ ਕੀਤਾ ਗਿਆ। ਨੋਟੀਫਿਕੇਸ਼ਨ ਹੋਣ ਉਪਰੰਤ ਜਗਪਾਲ ਸਿੰਘ ਜੌਲੀ ਦੀ ਅਗਵਾਈ ਹੇਠ ਮਿਤੀ 20 ਜੁਲਾਈ 2026 ਨੂੰ ਸਵੇਰੇ 10 ਵਜੇ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀਨਗਰ ਕੌਂਸਲ ਮੋਰਿੰਡਾ ਦੀ ਇਕੱਤਰਤਾ ਹੋਵੇਗੀ। ਜਿਸ ਵਿੱਚ ਮੋਰਿੰਡਾ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਜਾਵੇਗੀ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੁੱਖ ਰੱਖਦਿਆਂ ਮੋਰਿੰਡਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਠੋਸ ਨੀਤੀ ਬਣਾਈ ਜਾਵੇਗੀ। ਜਦੋਂ ਤੱਕ ਰੂਪਨਗਰ ਜ਼ਿਲ੍ਹੇ ਵਿੱਚ ਕੁੱਤਿਆਂ ਦੀ ਨਸਬੰਦੀ ਤੇ ਵੈਕਸੀਨੇਸ਼ਨ ਕਰਵਾਉਣ ਲਈ ਕੋਈ ਸੈਂਟਰ ਨਹੀਂ ਬਣਦਾ ਉੱਦੋਂ ਤੱਕ ਨਗਰ ਕੌਂਸਲ ਮੰਡੀ ਗੋਬਿੰਦਗੜ ਵਿਖੇ ਵੈਕਸੀਨੇਸ਼ਨ ਲਈ ਸਥਾਪਿਤ ਕੀਤੇ ਸੈਂਟਰ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਸਾਈਕਲ ਸਟੈਂਡ ਦੀ ਫੀਸ ਕੁਲੈਕਸ਼ਨਾਂ ਦਾ ਕੰਮ ਨਗਰ ਕੌਂਸਲ ਮੋਰਿੰਡਾ ਵਲੋਂ ਆਪਣੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਲਈ ਸਾਈਕਲ ਸਟੈਂਡ ਫੀਸ ਕੁਲੈਕਸ਼ਨ ਦੇ ਠੇਕੇ ਦੀ ਰਿਜ਼ਰਵ ਕੀਮਤ 10 ਫੀਸਦੀ ਵਧਾ ਕੇ 12,21,000 ਰੁਪਏ (18 ਫੀਸਦੀ ਜੀ.ਐੱਸ.ਟੀ. ਵੱਖਰੀ) ਰੱਖ ਕੇ ਖੁੱਲੀ ਬੋਲੀ ਕਰਵਾਉਣ ਲਈ ਹਾਊਸ ਦੀ ਪ੍ਰਵਾਨਗੀ ਲਈ ਜਾਵੇਗੀ। ਸ੍ਰੀ ਜੌਲੀ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਕੋਲ ਡੋਰ ਟੂ ਡੋਰ ਕੁਲੈਕਸ਼ਨ ਅਤੇ ਸ਼ਹਿਰ ਦੀ ਸਾਫ-ਸਫਾਈ ਲਈ ਸਾਰੇ ਆਟੋਜ਼ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਸ਼ਹਿਰ ਦੀ ਸਾਫ- ਸਫਾਈ ਸਬੰਧੀ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾਵੇਗੀ। ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪਾਰਟੀਬਾਜੀ ਤੋਂ ਉੱਪਰ ਉਠ ਕੇ ਕੰਮ ਕਰਨ ਦੀ ਅਪੀਲ ਕੀਤੀ।