ਰੂਪਨਗਰ, 22 ਜੁਲਾਈ (ਯਸ਼ਵੰਤ ਬੱਸੀ)-ਸਿਵਲ ਸਰਜਨ ਦਫ਼ਤਰ ਰੂਪਨਗਰ ਵਿਖੇ ਦਿਮਾਗੀ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ਵ ਦਿਮਾਗ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਹਾਇਕ ਸਿਵਲ ਸਰਜਨ ਡਾ. ਬੌਬੀ ਗੁਲਾਟੀ ਨੇ ਕਿਹਾ ਕਿ ਵਿਸ਼ਵ ਦਿਮਾਗ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਦਿਮਾਗ ਨਾਲ ਸਬੰਧਤ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ, ਸਮੇਂ ਸਿਰ ਪਛਾਣ ਅਤੇ ਪ੍ਰਭਾਵਸ਼ਾਲੀ ਇਲਾਜ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਦਿਮਾਗ ਹੀ ਸਿਹਤਮੰਦ ਜੀਵਨ ਦੀ ਬੁਨਿਆਦ ਹੈ। ਦਿਮਾਗ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ, ਜੋ ਸੋਚਣ, ਯਾਦ ਰੱਖਣ, ਫ਼ੈਸਲੇ ਲੈਣ, ਬੋਲਣ, ਤੁਰਨ-ਫਿਰਨ ਅਤੇ ਸਰੀਰ ਦੇ ਹੋਰ ਸਾਰੇ ਅੰਗਾਂ ਦੀ ਕਾਰਗੁਜ਼ਾਰੀ ਨੂੰ ਨਿਯੰਤਰਿਤ ਕਰਦਾ ਹੈ। ਡਾ. ਬੌਬੀ ਗੁਲਾਟੀ ਨੇ ਕਿਹਾ ਕਿ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ, ਮਾਨਸਿਕ ਤਣਾਅ, ਗੈਰ-ਸੰਤੁਲਿਤ ਖੁਰਾਕ, ਨੀਂਦ ਦੀ ਕਮੀ, ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਤੰਬਾਕੂ ਤੇ ਸ਼ਰਾਬ ਵਰਗੇ ਨਸ਼ਿਆਂ ਦੀ ਵਰਤੋਂ ਕਾਰਨ ਦਿਮਾਗ ਨਾਲ ਸਬੰਧਤ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟਰੋਕ, ਮਿਰਗੀ, ਡਿਮੈਂਸ਼ੀਆ ਅਤੇ ਲਗਾਤਾਰ ਸਿਰ ਦਰਦ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਲਈ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਡਾ. ਹਰਲੀਨ ਕੌਰ ਨੇ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਅਚਾਨਕ ਸਰੀਰ ਦੇ ਇਕ ਪਾਸੇ ਕਮਜ਼ੋਰੀ ਮਹਿਸੂਸ ਹੋਵੇ, ਬੋਲਣ ਵਿਚ ਦਿੱਕਤ ਆਵੇ, ਚਿਹਰਾ ਟੇਢਾ ਹੋ ਜਾਵੇ, ਨਜ਼ਰ ਧੁੰਦਲੀ ਹੋ ਜਾਵੇ ਜਾਂ ਸੰਤੁਲਨ ਬਣਾਈ ਰੱਖਣ ਵਿਚ ਮੁਸ਼ਕਲ ਆਵੇ ਤਾਂ ਇਹ ਸਟ੍ਰੋਕ ਦੇ ਲੱਛਣ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਬਿਨਾਂ ਕਿਸੇ ਦੇਰੀ ਦੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਚ ਪਹੁੰਚ ਕੇ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਲਾਜ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਸਥਾਈ ਅਪਾਹਜਤਾ ਦੇ ਖ਼ਤਰੇ ਨੂੰ ਵੀ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰਨ, ਸੰਤੁਲਿਤ ਅਤੇ ਪੌਸ਼ਟਿਕ ਆਹਾਰ ਲੈਣ, ਪੂਰੀ ਨੀਂਦ ਲੈਣ, ਯੋਗਾ ਅਤੇ ਧਿਆਨ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਣ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੈਸਟਰੋਲ ਨੂੰ ਨਿਯੰਤਰਿਤ ਰੱਖਣ ਦੇ ਨਾਲ-ਨਾਲ ਤੰਬਾਕੂ ਅਤੇ ਹਰ ਕਿਸਮ ਦੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਇਨ੍ਹਾਂ ਆਦਤਾਂ ਨਾਲ ਦਿਮਾਗ ਲੰਬੇ ਸਮੇਂ ਤੱਕ ਤੰਦਰੁਸਤ ਰਹਿੰਦਾ ਹੈ ਤੇ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਸੰਭਵ ਹੈ।