17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਾਹਸੀ ਖੇਡਾਂ ਦੇ ਸ਼ੌਕੀਨ ਨੌਜਵਾਨਾਂ ਲਈ ਨਿੱਕਾ ਪਰਬਤਾਰੋਹੀ ਤੇਗਬੀਰ ਪ੍ਰੇਰਨਾ ਸਰੋਤ-ਰਾਜਪਾਲ ਕਟਾਰੀਆ

Ad Position 21
No active advertisement
ਅਜੀਤ ਡੈਸਕ 29-07-2026

ਰੂਪਨਗਰ, 28 ਜੁਲਾਈ (ਯਸ਼ਵੰਤ ਬੱਸੀ)- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਰਾਜ ਭਵਨ ਵਿਖੇ ਰੂਪਨਗਰ ਦੇ ਹੋਣਹਾਰ ਨੌਜਵਾਨ ਪਰਬਤਾਰੋਹੀ ਤੇਗਬੀਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨਿੱਕੇ ਪਰਬਤਾਰੋਹੀ ਤੇਗਬੀਰ ਸਿੰਘ ਦੀਆਂ ਮਾਊਂਟੇਨੀਅਰਿੰਗ ’ਚ ਵਿਲੱਖਣ ਅਤੇ ਇਤਿਹਾਸਕ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਤੇਗਬੀਰ ਸਿੰਘ ਨੇ ਆਪਣੀ ਛੋਟੀ ਉਮਰ ਵਿਚ ਅਸਾਧਾਰਨ ਹੌਂਸਲੇ, ਦ੍ਰਿੜ ਇਰਾਦੇ ਤੇ ਸਖ਼ਤ ਮਿਹਨਤ ਸਦਕਾ ਵਿਸ਼ਵ ਪੱਧਰ ’ਤੇ ਕਈ ਕੀਰਤੀਮਾਨ ਸਥਾਪਤ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਸਾਹਸੀ ਖੇਡਾਂ ਦੇ ਨਕਸ਼ੇ ’ਤੇ ਚਮਕਾਇਆ ਹੈ। ਰਾਜ ਭਵਨ ਵਿਚ ਹੋਈ ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਤੇਗਬੀਰ ਸਿੰਘ ਨੇ ਰਾਜਪਾਲ ਪੰਜਾਬ ਨਾਲ ਆਪਣੀਆਂ ਪਰਬਤਾਰੋਹਣ ਮੁਹਿੰਮਾਂ ਦੇ ਤਜਰਬੇ ਸਾਂਝੇ ਕੀਤੇ। ਰਾਜਪਾਲ ਨੇ ਉਸ ਦੀ ਲਗਨ ਤੇ ਆਤਮ-ਵਿਸ਼ਵਾਸ ਦੀ ਭਰਪੂਰ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਤੇਗਬੀਰ ਸਿੰਘ ਦੇ ਨਾਮ ਇਸ ਵੇਲੇ ਤਿੰਨ ਵਿਸ਼ਵ ਰਿਕਾਰਡ, ਇੱਕ ਏਸ਼ੀਅਨ ਰਿਕਾਰਡ ਅਤੇ ਇੱਕ ਪੰਜਾਬ ਰਾਜ ਪੱਧਰੀ ਰਿਕਾਰਡ ਦਰਜ ਹਨ। ਉਸ ਨੇ ਅਪ੍ਰੈਲ 2024 ਵਿਚ ਸਿਰਫ਼ 5 ਸਾਲ 7 ਮਹੀਨੇ ਦੀ ਉਮਰ ਵਿਚ ਐਵਰੈਸਟ ਬੇਸ ਕੈਂਪ ਦੀ ਟਰੈਕਿੰਗ ਸਫ਼ਲਤਾ ਪੂਰਵਕ ਪੂਰੀ ਕੀਤੀ। ਇਸ ਤੋਂ ਬਾਅਦ ਅਗਸਤ 2024 ਵਿਚ ਮਾਊਂਟ ਕਿਲੀਮੰਜਾਰੋ (5,895 ਮੀਟਰ) ਫ਼ਤਹਿ ਕਰਕੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਵਾਲਾ ਸਭ ਤੋਂ ਨੌਜਵਾਨ ਏਸ਼ੀਆਈ ਬਣਿਆ ਅਤੇ ਉਸ ਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਹੋਇਆ। ਜੂਨ 2025 ਵਿਚ ਉਸ ਨੇ ਮਾਊਂਟ ਐਲਬਰੂਸ (5,642 ਮੀਟਰ) ’ਤੇ ਚੜ੍ਹਾਈ ਕਰਕੇ ਇੱਕ ਹੋਰ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ, ਜਿਸ ਲਈ ਉਸ ਨੂੰ ਵੱਕਾਰੀ ਪੰਜਾਬ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅਪ੍ਰੈਲ 2026 ਵਿਚ ਉਸ ਨੇ ਨੇਪਾਲ ਦੇ 235 ਕਿੱਲੋਮੀਟਰ ਲੰਬੇ ਅਤੇ ਔਖੇ ਅੰਨਪੂਰਨਾ ਸਰਕਟ ਨੂੰ ਪੂਰਾ ਕਰਕੇ ਨਵਾਂ ਗਲੋਬਲ ਰਿਕਾਰਡ ਬਣਾਇਆ। ਹਾਲ ਹੀ ਵਿਚ ਜੁਲਾਈ 2026 ਵਿਚ ਉਸ ਨੇ ਮਾਊਂਟ ਯੂਨਮ (6,111 ਮੀਟਰ) ’ਤੇ ਤਿਰੰਗਾ ਲਹਿਰਾ ਕੇ 6,000 ਮੀਟਰ ਤੋਂ ਉੱਚੀ ਚੋਟੀ ਸਰ ਕਰਨ ਵਾਲੇ ਦੁਨੀਆ ਦੇ ਸਭ ਤੋਂ ਨੌਜਵਾਨ ਪਰਬਤਾਰੋਹੀ ਹੋਣ ਦਾ ਇਤਿਹਾਸਕ ਮਾਣ ਵੀ ਹਾਸਲ ਕੀਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਤੇਗਬੀਰ ਸਿੰਘ ਨੂੰ ਭਵਿੱਖ ਦੀਆਂ ਮੁਹਿੰਮਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।

Ad Position 22
No active advertisement
ਪਿਛਲੀ ਖ਼ਬਰ ਕਾਰ ਸੇਵਾ ਨਾਲ ਬਦਲੀ ਸੀ ਮੈਦਾਨ ਦੀ ਤਸਵੀਰ-ਦਲਜੀਤ ਸਿੰਘ ਭੰਗੂ ਅਗਲੀ ਖ਼ਬਰ ਗੌਰਮਿੰਟ ਕਾਲਜ ਰੂਪਨਗਰ ਦਾ ਇਤਿਹਾਸਕ ਖੇਡ ਮੈਦਾਨ ਬਚਾਉਣ ਲਈ ਸਾਬਕਾ ਵਿਦਿਆਰਥੀਆਂ ਨੇ ਕੀਤੀ ਸ਼ਿਕਾਇਤ
Ad Position 24