ਕੌਮੀ ਟੀਕਾਕਰਣ ਪ੍ਰੋਗਰਾਮ ਤਹਿਤ ਬੱਚਿਆਂ ਦਾ ਰੁਟੀਨ ਟੀਕਾਕਰਣ ਜ਼ਰੂਰ ਕਰਵਾਓ - ਸਿਵਲ ਸਰਜਨ
ਰੂਪਨਗਰ, 23 ਸਤੰਬਰ (ਯਸ਼ਵੰਤ ਬੱਸੀ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਸੰਸਥਾਨਾਂ, ਸਿਹਤ ਉਪ-ਕੇਂਦਰਾਂ ਤੇ ਆਂਗਣਵਾੜੀ ਕੇਂਦਰਾਂ ਵਿਖੇ ਹਰ ਹਫ਼ਤੇ ਬੁੱਧਵਾਰ ਨੂੰ ਰੁਟੀਨ ਟੀਕਾਕਰਣ ਸੈਸ਼ਨ ਲਗਾਏ ਜਾਂਦੇ ਹਨ। ਇਨ੍ਹਾਂ ਸੈਸ਼ਨਾਂ ਦੌਰਾਨ ਗਰਭਵਤੀ ਮਹਿਲਾਵਾਂ ਤੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਤਹਿਤ ਮੁਫ਼ਤ ਟੀਕੇ ਲਗਾਏ ਜਾਂਦੇ ਹਨ।
ਰੂਪਨਗਰ, 23 ਸਤੰਬਰ (ਯਸ਼ਵੰਤ ਬੱਸੀ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਸੰਸਥਾਨਾਂ, ਸਿਹਤ ਉਪ-ਕੇਂਦਰਾਂ ਤੇ ਆਂਗਣਵਾੜੀ ਕੇਂਦਰਾਂ ਵਿਖੇ ਹਰ ਹਫ਼ਤੇ ਬੁੱਧਵਾਰ ਨੂੰ ਰੁਟੀਨ ਟੀਕਾਕਰਣ ਸੈਸ਼ਨ ਲਗਾਏ ਜਾਂਦੇ ਹਨ। ਇਨ੍ਹਾਂ ਸੈਸ਼ਨਾਂ ਦੌਰਾਨ ਗਰਭਵਤੀ ਮਹਿਲਾਵਾਂ ਤੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਤਹਿਤ ਮੁਫ਼ਤ ਟੀਕੇ ਲਗਾਏ ਜਾਂਦੇ ਹਨ। ਰੁਟੀਨ ਟੀਕਾਕਰਣ ਸਬੰਧੀ ਅੱਜ ਲਗਾਏ ਗਏ ਵੱਖ-ਵੱਖ ਸੈਸ਼ਨਾਂ ਦਾ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸਾਰਿਕਾ ਵਲੋਂ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਸਬੰਧਤ ਸਿਹਤ ਕਰਮਚਾਰੀਆਂ ਨੂੰ ਟੀਕਾਕਰਣ ਦੇ 100 ਫ਼ੀਸਦੀ ਟੀਚੇ ਦੀ ਪ੍ਰਾਪਤੀ ਯਕੀਨੀ ਬਣਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਸਬੰਧੀ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਸਮੇਂ ਸਿਰ ਮੁਕੰਮਲ ਟੀਕਾਕਰਣ ਬੱਚਿਆਂ ਨੂੰ ਤਪਦਿਕ, ਪੋਲੀਓ, ਗਲਘੋਟੂ, ਕਾਲੀ ਖੰਘ, ਟੈਟਨਸ, ਹੈਪੇਟਾਈਟਸ-ਬੀ, ਖਸਰਾ-ਰੁਬੈਲਾ, ਨਿਮੋਨੀਆ, ਦਸਤ ਤੇ ਹੋਰ ਗੰਭੀਰ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸਮੇਂ ਸਿਰ ਅਤੇ ਮੁਕੰਮਲ ਟੀਕਾਕਰਣ ਕਰਵਾਉਣਾ ਹਰ ਮਾਪੇ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਸਾਰੇ ਨਿਰਧਾਰਿਤ ਟੀਕੇ ਬਿਲਕੁਲ ਮੁਫ਼ਤ ਲਗਾਏ ਜਾਂਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਣ ਕਾਰਡ ਨਾਲ ਲੈ ਕੇ ਹਰ ਬੁੱਧਵਾਰ ਨੇੜਲੇ ਟੀਕਾਕਰਣ ਕੇਂਦਰ ਵਿਖੇ ਪਹੁੰਚਣ ਤੇ ਕੋਈ ਵੀ ਟੀਕਾ ਨਾ ਛੱਡਣ। ਜੇਕਰ ਕਿਸੇ ਬੱਚੇ ਦਾ ਕੋਈ ਟੀਕਾ ਰਹਿ ਗਿਆ ਹੋਵੇ ਤਾਂ ਅਗਲੇ ਬੁੱਧਵਾਰ ਨੂੰ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਉਹ ਟੀਕਾ ਲਗਵਾਇਆ ਜਾ ਸਕਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਟੀਕਾਕਰਣ ਤੋਂ ਬਾਅਦ ਬੱਚੇ ਨੂੰ ਕੁਝ ਸਮੇਂ ਲਈ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਹਰ ਬੁੱਧਵਾਰ ਹੋਣ ਵਾਲੇ ਰੂਟੀਨ ਟੀਕਾਕਰਣ ਸੈਸ਼ਨਾਂ ਦਾ ਲਾਭ ਲੈਣ ਅਤੇ ਆਪਣੇ ਬੱਚਿਆਂ ਨੂੰ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਸਾਰੇ ਟੀਕੇ ਨਿਰਧਾਰਿਤ ਸਮੇਂ ਅਨੁਸਾਰ ਜ਼ਰੂਰ ਲਗਵਾਉਣ।