ਪੀ. ਐਮ. ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਦੀਵਾਲੀ ਮੇਲਾ ਕਰਵਾਇਆ
ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ. ਐਸ.
ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ. ਐਸ. ਨਿੱਕੂਵਾਲ)-ਪੀ. ਐਮ. ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਦੀਵਾਲੀ ਮੇਲਾ ਧੂਮਧਾਮ ਨਾਲ ਕਰਵਾਇਆ। ਇਸ ਮੌਕੇ ਸਕੂਲ ਦੇ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਵਲੋਂ ਆਪਣੀ ਕਲਾ, ਸਿਰਜਣਾਤਮਿਕਤਾ, ਮਿਹਨਤ ਤੇ ਵਿਲੱਖਣ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਕਿਸਮ ਦੀਆਂ ਸਟਾਲਾਂ ਲਗਾਈਆਂ ਗਈਆਂ। ਇਨ੍ਹਾਂ ਸਟਾਲਾਂ ’ਚ ਹੱਥੀਂ ਤਿਆਰ ਕੀਤੀਆਂ ਸਜਾਵਟੀ ਵਸਤਾਂ, ਰੰਗ-ਬਰੰਗਿਆਂ ਕਲਾਕ੍ਰਿਤੀਆਂ, ਦੀਵੇ, ਘਰੇਲੂ ਸਜਾਵਟ ਦਾ ਸਾਮਾਨ ਅਤੇ ਰਹਿੰਦ-ਖੂੰਹਦ ਸਮਗਰੀ ਤੋਂ ਤਿਆਰ ਕੀਤੀਆਂ ਲਾਭਕਾਰੀ ਚੀਜ਼ਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਖਾਣ-ਪੀਣ ਦੀਆਂ ਵੱਖ-ਵੱਖ ਵਸਤਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ।ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਸਿੱਖਿਆ, ਸਵੈ-ਨਿਰਭਰਤਾ, ਉੱਦਮੀ ਸੋਚ ਤੇ ਰੋਜ਼ਾਨਾ ਜੀਵਨ ਵਿਚ ਕੰਮ ਆਉਣ ਵਾਲੇ ਹੁਨਰਾਂ ਨਾਲ ਜੋੜਨਾ ਸੀ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗੁਰਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਪ੍ਰਤਿਭਾ ਦਿਖਾਉਣ ਅਤੇ ਨਵੇਂ ਤਜਰਬੇ ਹਾਸਿਲ ਕਰਨ ਮੌਕੇ ਮਿਲਣੇ ਬਹੁਤ ਜ਼ਰੂਰੀ ਹਨ। ਸਮਾਗਮ ਵਿਚ ਐਸ. ਐਮ. ਸੀ. ਚੇਅਰਮੈਨ ਅਨੁਰਾਗਦੀਪ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਗੁਰਜਿੰਦਰ ਸਿੰਘ ਸੀ. ਏ., ਪ੍ਰਸਿੱਧ ਗੀਤਕਾਰ ਜੱਗਾ ਨਿੱਕੂਵਾਲ, ਜ਼ਿਲ੍ਹਾ ਰੂਪਨਗਰ ਜੁੱਡੋ ਐਸੋਸੀਏਸ਼ਨ ਦੇ ਸਕੱਤਰ ਜਰਨੈਲ ਸਿੰਘ ਨਿੱਕੂਵਾਲ, ਰੰਗ ਕਰਮੀ ਰਾਜ ਘਈ, ਕੁਲਵੰਤ ਸਿੰਘ, ਤਰਨਜੀਤ ਸਿੰਘ, ਰੋਹਿਤ, ਅਮਿੱਤ ਕੁਮਾਰ, ਮਨਦੀਪ ਕੌਰ, ਕੁਲਵਿੰਦਰ ਕੌਰ, ਅਨਰੀਤ ਕੁਮਾਰੀ ਤੇ ਗਗਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ, ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।