ਨੰਗਲ ਵਿਚ ਭਾਜਪਾ ਦੀ ਸਿਆਸਤ ਦਾ ਅਨੋਖਾ ਨਜ਼ਾਰਾ : ਮੁੱਦਾ ਇਕ , ਦਾਅਵੇਦਾਰ ਦੋ , ਪ੍ਰੈੱਸ ਕਾਨਫ਼ਰੰਸਾਂ ਵੱਖੋ - ਵੱਖ ! ਕਦੰਬਾ ਕੰਪਲੈਕਸ ਵੀ ਬਣਿਆ ਭਾਜਪਾ ਦੀ ਅੰਦਰੂਨੀ ਸਿਆਸਤ ਦਾ ਮੰਚ
ਨੰਗਲ, 9 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੀਆਂ ਜਨਤਕ ਸਮੱਸਿਆਵਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਭਾਜਪਾ ਦੇ ਵੱਖ-ਵੱਖ ਆਗੂ ਆਪੋ-ਆਪਣੇ ਸਾਥੀਆਂ ਸਮੇਤ ਮੈਦਾਨ ਵਿਚ ਉਤਰ ਰਹੇ ਹਨ। ਲੋਕਾਂ ਦੇ ਮੁੱਦੇ ਉਠਾਉਣਾ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਹੈ, ਪਰ ਜਦੋਂ ਇਕੋ ਸਮੱਸਿਆ, ਇਕੋ ਸਰਕਾਰ ਅਤੇ ਇਕੋ ਇਲਾਕੇ ਨੂੰ ਲੈ ਕੇ ਪਾਰਟੀ ਦੇ ਦੋ ਆਗੂ ਵੱਖੋ-ਵੱਖਰੇ ਦੌਰੇ ਕਰਕੇ ਪ੍ਰੈੱਸ ਕਾਨਫ਼ਰੰਸਾਂ ਕਰਨ ਲੱਗ ਪੈਣ ਤਾਂ ਸਿਆਸੀ ਹਲਕਿਆਂ ਵਿਚ ਚਰਚਾ ਹੋਣੀ ਸੁਭਾਵਿਕ ਹੈ।
ਡ
ਡਾ. ਸੁਭਾਸ਼ ਸ਼ਰਮਾ ਤੇ ਰਾਜੇਸ਼ ਚੌਧਰੀ
10-11-2026
ਨੰਗਲ, 9 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੀਆਂ ਜਨਤਕ ਸਮੱਸਿਆਵਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਭਾਜਪਾ ਦੇ ਵੱਖ-ਵੱਖ ਆਗੂ ਆਪੋ-ਆਪਣੇ ਸਾਥੀਆਂ ਸਮੇਤ ਮੈਦਾਨ ਵਿਚ ਉਤਰ ਰਹੇ ਹਨ। ਲੋਕਾਂ ਦੇ ਮੁੱਦੇ ਉਠਾਉਣਾ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਹੈ, ਪਰ ਜਦੋਂ ਇਕੋ ਸਮੱਸਿਆ, ਇਕੋ ਸਰਕਾਰ ਅਤੇ ਇਕੋ ਇਲਾਕੇ ਨੂੰ ਲੈ ਕੇ ਪਾਰਟੀ ਦੇ ਦੋ ਆਗੂ ਵੱਖੋ-ਵੱਖਰੇ ਦੌਰੇ ਕਰਕੇ ਪ੍ਰੈੱਸ ਕਾਨਫ਼ਰੰਸਾਂ ਕਰਨ ਲੱਗ ਪੈਣ ਤਾਂ ਸਿਆਸੀ ਹਲਕਿਆਂ ਵਿਚ ਚਰਚਾ ਹੋਣੀ ਸੁਭਾਵਿਕ ਹੈ। ਨੰਗਲ ਵਿਚ ਭਾਜਪਾ ਦੀਆਂ ਹਾਲੀਆ ਸਰਗਰਮੀਆਂ ਨੇ ਕੁੱਝ ਅਜਿਹਾ ਹੀ ਦ੍ਰਿਸ਼ ਪੇਸ਼ ਕੀਤਾ ਹੈ। ਤਾਜ਼ਾ ਮਿਸਾਲ ਕਦੰਬਾ ਟੂਰਿਸਟ ਕੰਪਲੈਕਸ ਦੀ ਹੈ, ਜੋ ਲੰਮੇ ਸਮੇਂ ਤੋਂ ਬਦਹਾਲੀ ਦਾ ਸ਼ਿਕਾਰ ਹੈ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਪਿਛਲੇ ਦਿਨੀਂ ਆਪਣੇ ਸਾਥੀਆਂ ਸਮੇਤ ਕੰਪਲੈਕਸ ਦਾ ਦੌਰਾ ਕਰਦਿਆਂ ਇਸ ਦੀ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੂਬਾ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਸੀ। ਉਨ੍ਹਾਂ ਸਰਕਾਰ ਤੋਂ ਪੁੱਛਿਆ ਸੀ ਕਿ ਲੰਮੇ ਸਮੇਂ ਤੋਂ ਬੰਦ ਪਏ ਇਸ ਸੈਰ-ਸਪਾਟਾ ਸਥਾਨ ਨੂੰ ਮੁੜ ਚਾਲੂ ਕਰਨ ਲਈ ਕੀ ਕਦਮ ਚੁੱਕੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਇਸੇ ਮੁੱਦੇ ’ਤੇ ਜ਼ਿਲ੍ਹਾ ਰੂਪਨਗਰ ਭਾਜਪਾ ਦੇ ਮੀਤ ਪ੍ਰਧਾਨ ਤੇ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਨੇ ਵੀ ਆਪਣੇ ਸਾਥੀਆਂ ਨਾਲ ਵੱਖਰਾ ਦੌਰਾ ਕਰਕੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਦੋਵਾਂ ਆਗੂਆਂ ਦੀ ਸਰਗਰਮੀ ਦਾ ਕੇਂਦਰ ਇਕੋ ਕੰਪਲੈਕਸ ਅਤੇ ਸਰਕਾਰ ਨੂੰ ਘੇਰਨ ਦਾ ਮੁੱਦਾ ਵੀ ਇੱਕੋ ਸੀ, ਪਰ ਸਿਆਸੀ ਮੰਚ ਤੇ ਪ੍ਰੈੱਸ ਨਾਲ ਗੱਲਬਾਤ ਦੇ ਮੌਕੇ ਵੱਖਰੇ ਰਹੇ। ਇਸ ਸਾਰੇ ਘਟਨਾਕ੍ਰਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੰਗਲ ਹਲਕੇ ਵਿਚ ਆਪਣੀ ਸਿਆਸੀ ਪਛਾਣ ਅਤੇ ਸਰਗਰਮੀ ਦਰਜ ਕਰਵਾਉਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਸਥਾਨਕ ਸਿਆਸੀ ਚਰਚਾ ਵਿਚ ਦੋਵਾਂ ਆਗੂਆਂ ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀਆਂ ਇੱਛਾਵਾਂ ਨੂੰ ਵੀ ਇਸ ਸੰਦਰਭ ਨਾਲ ਜੋੜਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿਚ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜੇਕਰ ਮਕਸਦ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਾ ਹੈ ਤਾਂ ਇਨ੍ਹਾਂ ਮੁੱਦਿਆਂ ’ਤੇ ਸਾਂਝਾ ਮੰਚ ਕਿਉਂ ਨਹੀਂ ਬਣਾਇਆ ਜਾਂਦਾ?