ਜਗਦੇਵ ਕਲਾਂ, 1 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਦੀ ਪ੍ਰਧਾਨਗੀ ਹੇਠ ਗੁਰੂ ਕਾ ਬਾਗ ਵਿਖੇ ਹੋਈ | ਇਸ ਸੰਬੰਧੀ ਜਥੇਬੰਦੀ ਦੇ ਸੂਬਾਈ ਆਗੂ ਜਤਿੰਦਰ ਸਿੰਘ ਛੀਨਾ ਨੇ ਇਥੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਬੀਤੇ ਸਮੇਂ ਵਿਚ ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਭਲਾ ਪਿੰਡ ਦੇ ਜਥੇਬੰਦੀ ਦੇ ਕਾਰਕੁੰਨ ਜਸਪ੍ਰੀਤ ਸਿੰਘ ਉਪਰ ਪਿੰਡ ਦੀ ਵਸਨੀਕ ਔਰਤ ਵਲੋਂ ਕਥਿਤ ਤੌਰ 'ਤੇ ਦਿੱਤੇ ਗਏ ਝੂਠੇ ਬਿਆਨਾਂ ਦੇ ਆਧਾਰ 'ਤੇ ਸਿਆਸੀ ਦਬਾਅ ਹੇਠ ਔਰਤ ਨਾਲ ਛੇੜ ਛਾੜ ਕਰਨ ਦੀਆਂ ਧਾਰਾਵਾਂ ਤਹਿਤ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਪਿੰਡ ਰਡਾਲਾ ਦੇ ਕਿਸਾਨ ਕਾਰਕੁੰਨਾਂ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ 'ਤੇ ਦਰਜ ਕੀਤੇ ਗਏ ਕਥਿਤ ਝੂਠੇ ਪਰਚੇ ਦੇ ਰੋਸ ਵਜੋਂ 9 ਜਨਵਰੀ ਨੂੰ ਥਾਣਾ ਰਾਜਾਸਾਂਸੀ ਮੂਹਰੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਜਥੇਬੰਦੀ ਦੋਵੇਂ ਪਰਚੇ ਰੱਦ ਕਰਵਾਉਣ ਲਈ ਜ਼ੋਰਦਾਰ ਸੰਘਰਸ਼ ਕਰੇਗੀ ਤੇ ਪਰਚਿਆਂ ਲਈ ਜ਼ਿੰਮੇਵਾਰ ਸਿਆਸੀ ਆਗੂਆਂ ਦੀ ਧੜੇਬੰਦੀ ਸੋਚ ਨੂੰ ਨੰਗਿਆਂ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂ ਮੇਜ਼ਰ ਸਿੰਘ ਕੜਿਆਲ, ਅਵਤਾਰ ਸਿੰਘ ਜੱਸੜ, ਜਸਬੀਰ ਸਿੰਘ ਰੱਖ ਓਠੀਆਂ, ਦਿਲਬਾਗ ਸਿੰਘ ਮਾਕੋਵਾਲ, ਮੇਜਰ ਸਿੰਘ ਕੋਟ ਕੇਸਰਾ ਸਿੰਘ, ਸਵਿੰਦਰ ਸਿੰਘ ਕਿਆਮਪੁਰ, ਬਲਵਿੰਦਰ ਸਿੰਘ ਪੰਜਗਰਾਈਾ, ਭੋਲਾ ਸਿੰਘ ਧਾਲੀਵਾਲ ਕਲੇਰ, ਜ਼ੋਰਾਵਰ ਸਿੰਘ ਘੁੱਕੇਵਾਲੀ, ਬਲਦੇਵ ਸਿੰਘ ਸਹਿੰਸਰਾ ਆਦਿ ਹਾਜ਼ਰ ਸਨ |