ਅਜਨਾਲਾ, 28 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਅਕੈਡਮਿਕ ਹਾਈਟਸ ਪਬਲਿਕ ਸਕੂਲ ਅਤੇ ਬਚਪਨ ਪਲੇਅ ਸਕੂਲ ਅਜਨਾਲਾ ਵਿਚ 26 ਜਨਵਰੀ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ, ਜੋਸ਼ ਅਤੇ ਦੇਸ਼ ਭਗਤੀ ਦੇ ਮਾਹੌਲ ਵਿਚ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਡਾਇਰੈਕਟਰ ਮੈਡਮ ਸੰਤੋਸ਼ ਬਜਾਜ, ਅਕੈਡਮਿਕ ਹਾਈਟਸ ਦੇ ਪਿ੍ੰਸੀਪਲ ਅੰਸ਼ ਬਜਾਜ ਅਤੇ ਬਚਪਨ ਪਲੇਅ ਸਕੂਲ ਦੀ ਪਿ੍ੰਸੀਪਲ ਮੋਨਿਕਾ ਖੋਖਰ ਵਲੋਂ ਸਭ ਨੂੰ 26 ਜਨਵਰੀ ਦੀਆਂ ਵਧਾਈਆਂ ਦਿੱਤੀਆਂ ਗਈਆਂ | ਪ੍ਰੋਗਰਾਮ ਦੌਰਾਨ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਵਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਬੱਚਿਆਂ ਨੇ ਦੇਸ਼ ਭਗਤੀ ਡਾਂਸ ਪਰਫਾਰਮੈਂਸ, ਗੀਤਾਂ ਅਤੇ ਹੋਰ ਕਲਚਰਲ ਐਕਟੀਵਿਟੀਜ਼ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ | ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਸਭ ਨੇ ਖੂਬ ਸਰਾਹਿਆ | ਇਸ ਮੌਕੇ ਡਾਇਰੈਕਟਰ ਮੈਡਮ ਸੰਤੋਸ਼ ਬਜਾਜ ਨੇ ਬੱਚਿਆਂ ਨੂੰ 26 ਜਨਵਰੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਭਾਰਤ ਦੇ ਸੰਵਿਧਾਨ ਬਾਰੇ ਵਿਸਥਾਰ ਨਾਲ ਸਮਝਾਇਆ | ਉਨ੍ਹਾਂ ਨੇ ਬੱਚਿਆਂ ਨੂੰ ਕਨੂੰਨ, ਕਨੂੰਨ ਦੀ ਪਾਲਣਾ ਅਤੇ ਦੇਸ਼ ਦੇ ਨਾਗਰਿਕ ਵਜੋਂ ਆਪਣੇ ਅਧਿਕਾਰਾਂ ਅਤੇ ਫ਼ਰਜ਼ਾਂ ਬਾਰੇ ਵੀ ਕੀਮਤੀ ਜਾਣਕਾਰੀ ਦਿੱਤੀ | ਸਕੂਲ ਪ੍ਰਬੰਧਨ ਵਲੋਂ ਇਸ ਤਰ੍ਹਾਂ ਦੇ ਸਿੱਖਿਆਤਮਕ ਅਤੇ ਸੱਭਿਆਚਾਰਕ ਸਮਾਗਮ ਕਰਵਾ ਕੇ ਬੱਚਿਆਂ ਵਿਚ ਦੇਸ਼ ਭਗਤੀ, ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਦੀ ਭਾਵਨਾ ਵਿਕਸਿਤ ਕਰਨ ਦਾ ਸੰਦੇਸ਼ ਦਿੱਤਾ ਗਿਆ | ਸਮਾਗਮ ਦੇ ਅੰਤ ਵਿਚ ਸਭ ਨੇ ਮਿਲ ਕੇ ਦੇਸ਼ ਦੀ ਤਰੱਕੀ ਅਤੇ ਏਕਤਾ ਲਈ ਕਾਮਨਾ ਕੀਤੀ |