ਮਜੀਠਾ, 28 ਜਨਵਰੀ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਮਜੀਠਾ ਵਿਖੇ 26 ਜਨਵਰੀ ਨੂੰ 77ਵਾਂ ਗਣਤੰਤਰ ਦਿਵਸ ਵੱਡੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਰੰਗ ਵਿਚ ਮਨਾਇਆ ਗਿਆ | ਮਜੀਠਾ ਦੀ ਦਾਣਾ ਮੰਡੀ ਵਿਚ ਐੱਸ. ਡੀ. ਐੱਮ. ਮਜੀਠਾ ਪ੍ਰੀਤਇੰਦਰ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸਲਾਮੀ ਲਈ | ਇਸ ਮੌਕੇ ਪੁਲਿਸ ਪਾਰਟੀ ਨੇ ਪਰੇਡ ਕਮਾਂਡਰ ਦੀ ਅਗਵਾਈ ਹੇਠ ਸ਼ਾਨਦਾਰ ਮਾਰਚ ਪਾਸਟ ਪੇਸ਼ ਕੀਤਾ | ਤਹਿਸੀਲਦਾਰ ਹਮੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਮਜੀਠਾ ਬਲਾਕ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਵਿਦਿਆਰਥੀਆਂ ਨੇ ਦੇਸ਼ ਭਗਤੀ 'ਤੇ ਅਧਾਰਿਤ ਗੀਤਾਂ ਦੀ ਪੇਸ਼ਕਾਰੀ, ਸੁੰਦਰ ਕੋਰੀਓਗ੍ਰਾਫੀ, ਭਾਵ-ਪੂਰਤ ਸਕਿੱਟਸ ਅਤੇ ਪੰਜਾਬੀ ਰੰਗਤ ਵਾਲੇ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕਰਕੇ ਸਮਾਗਮ ਨੂੰ ਰੰਗੀਨ ਬਣਾਇਆ | ਸਮਾਗਮ ਦੇ ਅੰਤ ਵਿਚ ਸਾਰਿਆਂ ਨੇ ਇਕੱਠੇ ਮਿਲ ਕੇ ਰਾਸ਼ਟਰੀ ਗੀਤ ਗਾਇਆ | ਐੱਸ. ਡੀ. ਐੱਮ. ਪ੍ਰੀਤਇੰਦਰ ਸਿੰਘ ਬੈਂਸ ਨੇ ਆਪਣੇ ਸੰਬੋਧਨ ਦੌਰਾਨ 26 ਜਨਵਰੀ ਦੇ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਸਾਡੇ ਲਈ ਸੰਵਿਧਾਨ ਦੀ ਸ਼ਕਤੀ ਅਤੇ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਤੀਕ ਹੈ | ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਹੁਣ ਤੱਕ ਦੀਆਂ ਪੂਰੀਆਂ ਕੀਤੀਆਂ ਯੋਜਨਾਵਾਂ, ਖੇਤੀਬਾੜੀ, ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਵਿਚ ਕੀਤੀਆਂ ਤਰੱਕੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿਚ ਹੋਰ ਵਿਕਾਸ ਦੀਆਂ ਨੀਤੀਆਂ ਬਾਰੇ ਵੀ ਗੱਲ ਕੀਤੀ | ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਵਿਚ ਉੱਤਮ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨ ਪੱਤਰਾਂ ਅਤੇ ਯਾਦਗਾਰੀ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕੁਲਦੀਪ ਸਿੰਘ ਕਾਹਲੋਂ ਨੇ ਬਾਖੂਬੀ ਨਿਭਾਈ | ਇਸ ਮੌਕੇ ਤਹਿਸੀਲਦਾਰ ਹਮੀਰ ਸਿੰਘ, ਡੀ. ਐੱਸ. ਪੀ. ਮਜੀਠਾ ਕਮਲਜੀਤ ਸਿੰਘ, ਐੱਸ. ਐੱਚ. ਓ. ਮਜੀਠਾ ਇੰਪੈਕਟਰ ਕਰਮਪਾਲ ਸਿੰਘ, ਬੀ. ਡੀ. ਪੀ. ਓ., ਰੀਡਰ ਐੱਸ. ਡੀ. ਐੱਮ. ਦੀਪਕ, ਸੁਖਵਿੰਦਰ ਸਿੰਘ, ਮਾਰਕੀਟ ਕਮੇਟੀ ਸਕੱਤਰ, ਸਮਾਜ ਸੇਵੀ ਪਿ੍ੰਸੀਪਲ ਜੋਗਾ ਸਿੰਘ ਅਠਵਾਲ ਸਮੇਤ ਵੱਡੀ ਗਿਣਤੀ ਵਿਚ ਸਕੂਲਾਂ ਦੇ ਪਿ੍ੰਸੀਪਲ, ਅਧਿਆਪਕ ਅਤੇ ਮਜੀਠਾ ਨਿਵਾਸੀ ਹਾਜ਼ਰ ਸਨ |