ਅਟਾਰੀ, (ਅੰਮਿ੍ਤਸਰ) 1 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਨਜ਼ਦੀਕ ਸਥਿਤ ਪਿੰਡ ਡੰਡੇ ਵਿਖੇ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਨਗਰ ਕੀਰਤਨ ਪਿੰਡ ਡੰਡੇ, ਅਟਾਰੀ ਆਦਿ ਪਿੰਡਾਂ ਦੀ ਪਰਕਰਮਾ ਕਰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਸੰਗਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ, ਜਿਨ੍ਹਾਂ ਨੇ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਪਰਸੋਂ ਰੋਜ਼ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਰਾਗੀ ਜਥਿਆਂ ਵਲੋਂ ਗੁਰਬਾਣੀ ਦਾ ਕੀਰਤਨ ਕਰਕੇ ਸ਼ਰਧਾਲੂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਗੁਰੂ ਰਵਿਦਾਸ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਵਜ਼ੀਰ ਜੀ ਵਲੋਂ ਗੁਰੂ ਰਵਿਦਾਸ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਸੇਵਾਦਾਰ ਵਜ਼ੀਰ ਜੀ ਅਤੇ ਸਾਬਕਾ ਸਰਪੰਚ ਨਰੇਸ਼ ਕੁਮਾਰ ਡੰਡੇ ਨੇ ਇਤਿਹਾਸ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਦੱਸਦੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵੱਸੇ ਪਿੰਡ ਡੰਡੇ ਅਟਾਰੀ ਜ਼ਿਲ੍ਹਾ ਅੰਮਿ੍ਤਸਰ ਵਿਖੇ ਪੁਰਾਤਨ ਲਿਖਤ ਇਤਿਹਾਸ ਅਨੁਸਾਰ 1482-83 ਈਸਵੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸ੍ਰੀ ਮਹਿਤਾ ਕਾਲੂ ਜੀ (ਕਲਿਆਣ ਦਾਸ) ਵਲੋਂ ਸੰਸਾਰਿਕ ਵਪਾਰ ਕਰਨ ਲਈ ਜੋ 20 ਰਜਤ ਰੁਪਏ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਿੱਤੇ ਸਨ | ਉਨ੍ਹਾਂ ਪੈਸਿਆਂ ਦਾ ਚੂਹੜਕਾਣਾ (ਪਾਕਿਸਤਾਨ) ਵਿਖੇ ਸਤਿਗੁਰ ਰਵਿਦਾਸ ਜੀ ਅਤੇ ਹੋਰ ਸੰਤਾਂ ਮਹਾਂਪੁਰਸ਼ਾਂ ਨੂੰ ਉਨ੍ਹਾਂ ਪੈਸਿਆਂ ਨਾਲ ਲੰਗਰ ਛਕਾ ਕੇ ਸੰਸਾਰਿਕ ਵਪਾਰ ਦੀ ਜਗ੍ਹਾ ਰੂਹਾਨੀ ਵਪਾਰ ਕੀਤਾ ਜੋ ਸੱਚੇ ਸੌਦੇ ਦੇ ਨਾਮ ਨਾਲ ਵਿਸ਼ਵ ਵਿਖਿਆਤ ਹੈ |
ਇਸ ਇਤਿਹਾਸਿਕ ਮਿਲਣੀ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਜੀ ਸੰਤ ਮੰਡਲੀ ਸਮੇਤ ਚੂਹੜਕਾਣਾ (ਪਾਕਿਸਤਾਨ) ਤੋਂ ਅੱਗੇ ਵਧੇ ਅਤੇ ਫਿਰ ਅਟਾਰੀ ਬਾਰਡਰ ਨਜ਼ਦੀਕ ਪੈਂਦੇ ਪਿੰਡ ਡੰਡੇ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਪੜਾਅ ਕੀਤਾ | ਉਨ੍ਹਾਂ ਦੱਸਿਆ ਕਿ ਡੰਡੇ ਪਿੰਡ ਇਸ ਸਥਾਨ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਸੰਤ ਮੰਡਲੀ ਸਮੇਤ 40 ਦਿਨ ਰੁਕੇ ਅਤੇ ਆਸ ਪਾਸ ਦੇ ਜੀਵਾਂ ਨੂੰ ਪਰਮਾਤਮਾ ਦੇ ਨਾਮ ਵਿਚ ਰੰਗਿਆ | ਚੂਹੜਕਾਣਾ ਤੋਂ ਪਿੰਡ ਡੰਡੇ ਪਹੁੰਚ ਕੇ ਜਿਸ ਸਥਾਨ ਤੇ ਆਪਣਾ ਕਰਮੰਡਲ ਤੇ ਸਾਮਾਨ ਆਦਿ ਰੱਖਿਆ ਸੀ | ਉਸ ਸਥਾਨ ਤੇ ਪੁਰਾਤਨ ਬਜ਼ੁਰਗਾਂ ਨੇ ਮਹਾਰਾਜ ਜੀ ਦੇ ਜਾਣ ਮਗਰੋਂ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ ਸੀ ਜੋ ਕਿ ਅੱਜ ਵੀ ਜਾਰੀ ਹੈ | ਪੁਰਾਤਨ ਬਜ਼ੁਰਗਾਂ ਦੇ ਦੱਸਣ ਅਨੁਸਾਰ ਸਤਿਗੁਰ ਰਵਿਦਾਸ ਜੀ ਮਹਾਰਾਜ ਨੇ ਲੰਗਰ ਪ੍ਰਸ਼ਾਦੇ ਦੀ ਸੁਵਿਧਾ ਵਾਸਤੇ ਜ਼ਮੀਨ ਵਿਚ ਭੱਠੀ ਬਣਾ ਕੇ ਉੱਪਰ ਲੋਹ ਵੀ ਲਗਾਈ ਸੀ ਜਿਸ ਉੱਪਰ ਸੰਤਾਂ ਅਤੇ ਸੰਗਤ ਵਾਸਤੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਸਨ | ਇਸ ਤਰ੍ਹਾਂ ਇਹ ਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਅਤੇ ਇਸ ਪਿੰਡ ਦੀਆਂ ਸੰਗਤਾਂ ਵਲੋਂ ਮਹਾਰਾਜ ਜੀ ਦਾ ਗੁਰਪੁਰਬ ਹਰ ਸਾਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਦੂਰ-ਦੂਰ ਤੋਂ ਸੰਗਤਾਂ ਆ ਕੇ ਇਸ ਸਥਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਉਂਦੀਆਂ ਹਨ | ਇਸ ਸ਼ੁਭ ਦਿਹਾੜੇ ਮੌਕੇ ਪੰਜਾਬ ਸਰਕਾਰ ਮੰਤਰੀ ਲਾਲਜੀਤ ਸਿੰਘ ਭੁੱਲਰ, ਹਲਕਾ ਵਿਧਾਇਕ ਅਟਾਰੀ ਜਸਵਿੰਦਰ ਸਿੰਘ ਰਮਦਾਸ, ਰਾਜਾਸਾਂਸੀ ਹਲਕੇ ਦੇ ਇੰਚਾਰਜ ਮੈਡਮ ਸੋਨੀਆ ਮਾਨ, ਆਪ ਆਗੂ ਅਟਾਰੀ ਗੁਰਸ਼ਰਨ ਸਿੰਘ ਗੋਲਡੀ, ਪ੍ਰਧਾਨ ਬਲਦੇਵ ਸਿੰਘ ਬੱਬੂ ਅਤੇ ਹੋਰ ਨੁਮਾਇੰਦਿਆਂ ਵਲੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗੁਰੂ ਰਵਿਦਾਸ ਨੌਜਵਾਨ ਸੇਵਕ ਸਭਾ ਡੰਡੇ ਵੱਲੋਂ ਜੋ ਮੰਗਾਂ ਦੱਸੀਆਂ ਗਈਆਂ | ਉਨ੍ਹਾਂ ਕਿਹਾ ਕਿ ਉਹ ਪਹਿਲ ਦੇ ਆਧਾਰ ਤੇ ਸਤਿਗੁਰ ਰਵਿਦਾਸ ਮੰਦਰ ਦੇ ਕਾਰਜ ਕਰਵਾਉਣਗੇ | ਇਸ ਮੌਕੇ ਆਏ ਮਹਿਮਾਨਾਂ ਨੂੰ ਮੁੱਖ ਸੇਵਾਦਾਰ ਵਜ਼ੀਰ ਜੀ, ਗੋਲਡੀ ਬੱਲੇ-ਬੱਲੇ, ਪ੍ਰਧਾਨ ਚਮਨ ਲਾਲ, ਸਾਬਕਾ ਸਰਪੰਚ ਨਰੇਸ਼ ਕੁਮਾਰ ਡੰਡੇ, ਤਜਿੰਦਰ ਸਿੰਘ ਡੰਡੇ, ਅਸ਼ਵਨੀ ਕੁਮਾਰ, ਸਰਪੰਚ ਬੂਟਾ ਸਿੰਘ, ਸਰਪੰਚ ਸਤਵਿੰਦਰ ਸਿੰਘ ਢੋਡੀਵਿੰਡ, ਬਲਦੇਵ ਸਿੰਘ, ਕਮਲਜੀਤ ਸਿੰਘ, ਸਾਬਕਾ ਸਰਪੰਚ ਰਮੇਸ਼ ਕੁਮਾਰ, ਹੇਮਰਾਜ ਕੁਮਾਰ, ਲੱਕੀ ਕੁਮਾਰ, ਬਿੱਲੂ ਕੁਮਾਰ, ਜਸਵਿੰਦਰ ਕੁਮਾਰ, ਸਵਿੰਦਰ ਕੁਮਾਰ, ਕਾਲਾ ਕੁਮਾਰ, ਹੀਰਾ ਲਾਲ ਤੇ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ |
ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਚਰਨ ਛੋਹ ਧਰਤੀ ਪਿੰਡ ਡੰਡੇ ਵਿਖੇ ਮਨਾਇਆ <br/>
ਅਜੀਤ ਡੈਸਕ
02-02-2026