ਗੱਗੋਮਾਹਲ, 2 ਫਰਵਰੀ (ਬਲਵਿੰਦਰ ਸਿੰਘ ਸੰਧੂ)- ਡਾਇਓਸਿਸ ਆਫ ਅੰਮਿ੍ਤਸਰ ਵਲੋਂ ਸਰਹੱਦੀ ਖੇਤਰ ਅੰਦਰ ਚਲਾਏ ਜਾ ਰਹੇ ਸੋਸ਼ਲ ਇੰਪਾਵਰਮੈਂਟ ਅਤੇ ਸਿੱਖਿਆ ਪ੍ਰੋਜੈਕਟ ਵਲੋਂ ਬੱਚਿਆ ਦਾ ਸਾਲਾਨਾ ਖੇਡ ਟੂਰਨਾਂਮੈਂਟ ਪਿੰਡ ਡਿਆਲ ਭੱਟੀ ਵਿਖੇ ਕਰਵਾਇਆ ਗਿਆ ਜਿਸ ਵਿਚ ਨੈਸ਼ਨਲ ਕਬੱਡੀ, ਖੋ-ਖੋ, ਦੌੜਾਂ ਆਦਿ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਕਰੀਬ 20 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ | ਟੂਰਨਾਂਮੈਂਟ 'ਚ ਪਿੰਡ ਨੰਗਲ ਸੋਹਲ ਦੀਆਂ ਕੁੜੀਆਂ ਤੇ ਭੱਖਾ ਤਾਰਾ ਸਿੰਘ ਦੇ ਮੁੰਡਿਆਂ ਨੇ ਕਬੱਡੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਇਸਿਸ ਆਫ ਅੰਮਿ੍ਤਸਰ ਦੇ ਬਿਸ਼ਪ ਦਾ ਰਾਇਟ ਰੈਵ. ਮਨੋਜ ਚਰਨ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਵਧੀਆ ਭਵਿੱਖ ਲਈ ਬਹੁਤ ਜਰੂਰੀ ਹਨ, ਸਮਾਜ ਵਿਚ ਫ਼ੈਲੀਆਂ ਨਸ਼ਿਆਂ ਵਰਗੀਆਂ ਭਿਆਨਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਬੱਚਿਆਂ 'ਚ ਖੇਡਾਂ ਦੀ ਰੁਚੀ ਨੂੰ ਵਧਾਉਣਾ ਬਹੁਤ ਜਰੂਰੀ ਹੈ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ | ਇਸ ਮੌਕੇ ਪ੍ਰੋਜੈਕਟ ਅਫਸਰ ਸ਼ੈਮਸ਼ਨ ਰਾਮ ਨੇ ਕਿਹਾ ਕਿ ਪ੍ਰੋਜੈਕਟ ਪਿਛਲੇ 17 ਸਾਲਾਂ ਤੋਂ ਸਰਹੱਦੀ ਖੇਤਰ ਵਿਚ ਗਰੀਬ, ਮਜਦੂਰ ਵਰਗ ਦੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰ ਰਿਹਾ ਹੈ | ਇਸ ਮੌਕੇ ਫਾਇਨਾਂਸ ਅਫਸਰ ਓਮ ਪ੍ਰਕਾਸ਼, ਬਿਸ਼ਪ ਚੈਪਲੀਨ, ਪਾਦਰੀ ਮੁਰਕਸ, ਪਾਦਰੀ ਪਤਰਸ ਮਸੀਹ, ਏ.ਪੀ.ਓ. ਕੁਲਵੰਤ ਮੱਟੂ, ਪਾਦਰੀ ਰਕੇਸ਼, ਸਰਪੰਚ ਸਨਤਾਮ ਸਿੰਘ, ਸੋਸ਼ਲ ਵਰਕਰ ਮੈਡਮ ਰੁਕਸੇਨਾ, ਮੈਡਮ ਕੈਥਲੀਨ, ਡਿੰਪਲ ਕੁਮਾਰ ਰਮਦਾਸ, ਮੈਡਮ ਪਰਵੇਸ਼, ਪਾਦਰੀ ਕਾਜਲ ਅਜਨਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵੱਖ-ਵੱਖ ਪਿੰਡਾਂ ਤੋਂ ਸ਼ਾਮਿਲ ਹੋਏ ਸਕੂਲਾਂ ਦੇ ਬੱਚਿਆਂ ਤੇ ਸਟਾਫ ਹਾਜ਼ਰ ਸੀ |