ਅਜਨਾਲਾ, 3 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ 19 ਜਨਵਰੀ ਨੂੰ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਸਰਹੱਦੀ ਪਿੰਡ ਬਿਕਰਾਊਰ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਬ੍ਰਹਮ ਗਿਆਨੀ ਬਾਬਾ ਗੱਮਚੁੱਕ ਜੀ ਦੀ ਯਾਦ ਵਿਚ ਬਣਨ ਵਾਲੇ ਸਰਕਾਰੀ ਡਿਗਰੀ/ਵੋਕੇਸ਼ਨਲ ਟ੍ਰੇਨਿੰਗ ਕਾਲਜ ਬਿਕਰਾਊਰ ਦਾ ਨੀਂਹ ਪੱਥਰ ਵਰਚੁਲੀ ਤੌਰ 'ਤੇ ਰੱਖਿਆ ਗਿਆ ਸੀ, ਅੱਜ ਉਸੇ ਹੀ ਕਾਲਜ ਦਾ ਜ਼ਮੀਨੀ ਤੌਰ ਤੇ ਨੀਂਹ ਪੱਥਰ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਵੱਖ-ਵੱਖ ਧਾਰਮਿਕ ਆਗੂਆਂ ਕੋਲੋਂ ਰਖਵਾਇਆ ਗਿਆ | ਇਸ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਵਾਹਿਗੁਰੂ ਦਾ ਓਟ ਆਸਰਾ ਲਿਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਪਿੰਡ ਬਿਕਰਾਊਰ ਦੇ ਗ੍ਰੰਥੀ ਬਾਬਾ ਸੁਖਵੰਤ ਸਿੰਘ ਅਤੇ ਬਾਬਾ ਹਰਭਜਨ ਸਿੰਘ, ਮੌਲਾਨਾ ਹਾਮਿਦ ਹੁਸੈਨ ਇਮਾਮ ਜਾਮਾ ਮਸਜਿਦ ਅੰਮਿ੍ਤਸਰ, ਪੰਡਿਤ ਸਤਿਆ ਪ੍ਰਕਾਸ਼ ਅਜਨਾਲਾ ਅਤੇ ਫਾਦਰ ਅਨੀਸ਼ ਵਲੋਂ ਰਸਮੀ ਤੌਰ ਤੇ ਕਾਲਜ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਅਤੇ ਅੰਮਿ੍ਤਸਰ ਤੋਂ ਦੂਰ ਇਸ ਇਲਾਕੇ ਵਿਚ ਰਹਿੰਦੀ ਰਾਏ ਸਿੱਖ ਬਿਰਾਦਰੀ ਜੋ ਕਿ ਬੜੇ ਕਿਰਤੀ ਲੋਕ ਹਨ ਦੇ ਬੱਚੇ ਇਸ ਕਾਲਜ ਦੇ ਬਣਨ ਨਾਲ ਪੜ੍ਹ ਕੇ ਦੁਨੀਆ ਦੇ ਨਾਲ ਰਲਣਗੇ | ਉਨ੍ਹਾਂ ਦੱਸਿਆ ਕਿ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਕਾਲਜ ਦਾ ਨਿਰਮਾਣ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਬਹੁਤ ਜਲਦ ਹੀ ਨਿਰਮਾਣ ਕਾਰਜ ਮੁਕੰਮਲ ਕਰਨ ਉਪਰੰਤ ਕਲਾਸਾਂ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ | ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਐਕਸੀਅਨ ਦਿਲਬਾਗ ਸਿੰਘ, ਐੱਸ.ਡੀ.ਓ. ਮਨਜਿੰਦਰ ਸਿੰਘ ਮੱਤੇਨੰਗਲ, 'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿੱਤ ਔਲ, ਸਰਪੰਚ ਲਖਬੀਰ ਸਿੰਘ ਲੱਖਾ ਬਿਕਰਾਊਰ, ਸਾਬਕਾ ਸਰਪੰਚ ਭੁਪਿੰਦਰ ਇਕਬਾਲ ਸਿੰਘ ਪਿੰਕਾ ਬਿਕਰਾਊਰ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜ਼ੀ, ਬਲਾਕ ਪ੍ਰਧਾਨ ਸਾਹਿਬ ਸਿੰਘ ਫੌਜੀ ਰਾਏਪੁਰ ਕਲਾਂ, ਸਰਪੰਚ ਇਕਬਾਲ ਸਿੰਘ ਰਿਆੜ, ਅਜੀਤ ਸ਼ਾਹ ਵੰਝਾਂਵਾਲਾ, ਸਰਪੰਚ ਸਰਬਜੀਤ ਸਿੰਘ ਚੱਕ ਔਲ ਅਤੇ ਹਰਦੇਵ ਸਿੰਘ ਡੱਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |