ਬਾਬਾ ਬਕਾਲਾ ਸਾਹਿਬ, 23 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੇ ਕਿਹਾ ਹੈ ਕਿ ਅੱਜ ਪੰਜਾਬ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਸ਼ੈਅ ਨਹੀਂ ਰਹਿ ਗਈ, ਸਗੋਂ ਹਾਲਾਤ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ | ਆਏ ਦਿਨ ਗੁੰਡਾਗਰਦੀ, ਲੁੱਟਾਂ ਖੋਹਾਂ, ਕਤਲੋਗਾਰਤ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਨਸ਼ਿਆਂ ਦਾ ਬੋਲਬਾਲਾ ਹੈ ਅਤੇ ਲੋਕਾਂ ਦਾ ਦਿਨ ਦਿਹਾੜੇ ਵਿਆਹ-ਸ਼ਾਦੀਆਂ ਤੇ ਕਤਲ ਹੋ ਰਹੇ ਹਨ, ਪੁਲਿਸ ਚੌਂਕੀਆਂ ਨੂੰ ਉਡਾਉਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ ਅਤੇ ਲੋਕਾਂ ਪਾਸੋਂ ਫਿਰੌਤੀਆਂ ਮੰਗਕੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ | ਸ: ਡਿੰਪਾ ਨੇ ਕਿਹਾ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਆਪ ਸਰਕਾਰ ਤੋਂ ਉੱਠ ਚੁੱਕਾ ਹੈ ਅਤੇ ਅਜਿਹੇ ਮਾਹੌਲ ਵਿਚ ਮੁੱਖ ਮੰਤਰੀ ਨੂੰ ਕੋਈ ਲੱਥੀ-ਚੜ੍ਹੀ ਨਹੀਂ ਸਗੋਂ ਉਹ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਨੱਚ ਰਿਹਾ ਹੈ | ਸ: ਡਿੰਪਾ ਨੇ ਕਿਹਾ ਕਿ ਲੋਕਾਂ ਦਾ ਧਿਆਨ ਹੁਣ 2027 ਦੀਆਂ ਚੋਣਾਂ ਵੱਲ ਹੈ ਅਤੇ ਲੋਕ ਆਪ ਨੂੰ ਸੱਤਾ ਤੋਂ ਲਾਂਭੇ ਕਰਕੇ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਲਈ ਕਾਹਲੇ ਹਨ | ਸ: ਡਿੰਪਾ ਨੇ ਦੱਸਿਆ ਕਿ 28 ਫਰਵਰੀ ਨੂੰ ਬਰਨਾਲਾ ਵਿਖੇ ਪੰਜਾਬ ਕਾਂਗਰਸ ਵਲੋਂ ਇਕ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਵਿਚ ਸ੍ਰੀ ਰਾਹੁਲ ਗਾਂਧੀ ਸਮੇਤ ਸੀਨੀਅਰ ਲੀਡਰਸ਼ਿਪ ਪੁੱਜ ਰਹੀ ਹੈ | ਉਨ੍ਹਾਂ ਕਿਹਾ ਉਹ ਇਸ ਕਾਨਫਰੰਸ ਵਿਚ ਆਪਣੇ ਸਾਥੀਆਂ-ਸਮੱਰਥਕਾਂ ਸਮੇਤ ਵੱਡੀ ਪੱਧਰ 'ਤੇ ਸ਼ਾਮੂਲੀਅਤ ਕਰਨਗੇੇ | ਇਸ ਮੌਕੇ ਉਨ੍ਹ੍ਹਾਂ ਦੇ ਨਾਲ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾ, ਸਰਪੰਚ ਅਰਜਨਬੀਰ ਸਿੰਘ ਸਰਾਂ, ਸਤਾਨਮ ਸਿੰਘ ਬਿੱਟੂ ਤਖਤੂ ਚੱਕ, ਯੁਧਵੀਰ ਸਿੰਘ ਸਰਲੀ, ਸਰਪੰਚ ਜੇ. ਪੀ. ਜਵੰਦਪੁਰ, ਪ੍ਰਭ ਥੋਥੀਆਂ, ਪਲਵਿੰਦਰ ਸਿੰਘ ਪੱਪਾ, ਹਰਪਾਲ ਸਿੰਘ ਜਲਾਲਾਂਬਾਦੀ ਸਾਹਿਬ ਸਿੰਘ ਝਾੜੂ ਨੰਗਲ ਅਤੇ ਹੋਰ ਹਾਜ਼ਰ ਸਨ |