ਸਬਜ਼ੀ ਮੰਡੀ ਵੱਲ੍ਹਾ ਵਿਖੇ ਲੱਗਦੇ ਰੋਜ਼ਾਨਾ ਜਾਮ ਕਿਸਾਨਾਂ ਲਈ ਵੱਡੀ ਸਮੱਸਿਆ <br/>
ਅਜੀਤ ਡੈਸਕ
26-02-2026
ਸੜਕਾਂ ਦਾ ਮੰਦਾ ਹਾਲ : ਉਨ੍ਹਾਂ ਕਿਹਾ ਕਿ ਮੰਡੀ ਦਾ ਪ੍ਰਬੰਧ ਬੁਰੀ ਤਰ੍ਹਾਂ ਖਰਾਬ ਹੋਇਆ ਪਿਆ ਹੈ | ਏਥੇ ਸੜਕਾਂ, ਸ਼ੈੱਡ ਟੁੱਟੇ ਹੋਏ ਹਨ ਤੇ ਸੜਕਾਂ 'ਤੇ ਨਾਜਾਇਜ਼ ਕਬਜੇ ਕਰਕੇ ਮਾਲ ਵੇਚਿਆ ਜਾ ਰਿਹਾ ਹੈ | ਮੰਡੀ ਦੇ ਅੰਦਰ ਕਿਸਾਨਾਂ ਵਲੋਂ ਆਪਣੇ ਸਾਧਨਾਂ ਟਰੈਕਟਰ ਟਰਾਲੀਆਂ, ਕੜੁੱਕੇ, ਟੈਂਪੂ ਆਦਿ ਉੱਪਰ ਸਬਜ਼ੀ ਲੈ ਕੇ ਮੰਡੀ ਅੰਦਰ ਵੜਨਾ ਮੁਸ਼ਕਿਲ ਬਣਿਆ ਹੋਇਆ ਹੈ | ਜਿਸ ਕਾਰਨ ਮੁੱਖ ਸੜਕ (ਅੰਮਿ੍ਤਸਰ-ਮਹਿਤਾ) 'ਤੇ ਵੀ ਜਾਮ ਲੱਗ ਜਾਂਦਾ ਹੈ | ਇਸ ਸੰਬੰਧੀ ਕਈ ਵਾਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਨੂੰ ਦੱਸਿਆ ਗਿਆ ਹੈ | ਇਥੋਂ ਤੱਕ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ 'ਚ ਵੀ ਲਿਆ ਕਿ ਮੰਡੀ ਪ੍ਰਬੰਧਾਂ 'ਚ ਸੁਧਾਰ ਕੀਤੇ ਜਾਣ ਦੀ ਮੰਗ ਕੀਤੀ ਗਈ ਪਰ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਸਮੱਸਿਆਵਾਂ ਦੇ ਪੱਕੇ ਹੱਲ ਵੱਲ ਧਿਆਨ ਨਹੀਂ ਦਿੱਤਾ, ਜੇ ਹੁਣ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਵੱਲ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਇਕ ਹਫਤੇ ਬਾਦ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ |ਉਪਰੋਕਤ ਸਮੱਸਿਆਵਾਂ ਨੂੰ ਲੈ ਕੇ ਚਰਨਜੀਤ ਸਿੰਘ ਬੱਤਰਾ ਪ੍ਰਧਾਨ ਤੇ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ ਸੀਨੀਅਰ ਵਾਈਸ ਪ੍ਰਧਾਨ ਸਬਜ਼ੀ ਐਂਡ ਫਰੂਟ ਮਰਚੈਟ ਐਸੋਸੀਏਸ਼ਨ ਸਬਜ਼ੀ ਮੰਡੀ, ਵੱਲ੍ਹਾ ਨੇ ਕਿਹਾ ਕਿ ਨਜ਼ਾਇਜ਼ ਫੜ੍ਹੀਕਾਰਾਂ ਤੇ ਅਣ ਅਧਿਕਾਰਿਤ ਵਹੀਕਲ ਚਾਲਕਾਂ ਨੂੰ ਮੰਡੀ ਅਧਿਕਾਰੀਆਂ ਦੀ ਪੁਸ਼ਤਪਨਾਹੀ ਪ੍ਰਾਪਤ ਹੈ | ਅਧਿਕਾਰੀਆਂ ਵਲੋਂ ਸ਼ੈੱਡ ਨੰਬਰ 4 'ਤੇ ਨਾਜਾਇਜ਼ ਗੱਡੀਆਂ ਖੜ੍ਹੀਆਂ ਕਰਵਾ ਕੇ ਉਨ੍ਹਾਂ 'ਚ ਮਾਲ ਭਰਵਾਇਆ ਜਾਂਦਾ ਹੈ | ਉਨ੍ਹਾਂ ਦੇ ਕਹਿਣ 'ਤੇ ਖਾਨਾ ਪੂਰਤੀ ਵਜੋਂ ਇਥੋਂ ਥੋੜ੍ਹਾ ਚਿਰ ਲੱਦਾਈ ਰੋਕ ਦਿੱਤੀ ਜਾਂਦੀ ਹੈ, ਪਰ ਸਿਆਣਿਆਂ ਦੀ ਕਹਾਵਤ ਹੈ ਕਿ 'ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ' | ਫਿਰ ਉਸੇ ਤਰ੍ਹਾਂ ਚੱਲਦਾ ਹੈ |
ਮੰਡੀ ਬੋਰਡ ਸਕੱਤਰ ਨੇ ਨਹੀਂ ਚੁੱਕਿਆ ਫੋਨ : ਉਪਰੋਕਤ ਨੂੰ ਲੈ ਕੇ ਅਮਨਦੀਪ ਸਿੰਘ ਸਕੱਤਰ ਮੰਡੀ ਬੋਰਡ ਨਾਲ ਗੱਲ ਕਰਨ ਲਈ ਵਾਰ-ਵਾਰ ਫੋਨ ਕਰਨ 'ਤੇ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ |
ਪ੍ਰਬੰਧ ਸੁਧਾਰ ਲਈ ਐੱਮ. ਡੀ. ਨੂੰ ਕੀਤੀ ਜਾਵੇਗੀ ਹਦਾਇਤ-ਡੀ. ਸੀ.
ਉਪਰੋਕਤ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਦਲਵਿੰਦਰਜੀਤ ਸਿੰਘ ਨਾਲ ਗੱਲ ਕਰਨ ਤੋਂ ਉਨ੍ਹਾਂ ਕਿਹਾ ਮੰਡੀ ਪ੍ਰਬੰਧਾਂ 'ਚ ਸੁਧਾਰ ਕਰਨ ਲਈ ਸੰਬੰਧਿਤ ਐੱਮ. ਡੀ. ਨੂੰ ਹਦਾਇਤ ਕੀਤੀ ਜਾਵੇਗੀ ਤੇ ਇਨ੍ਹਾਂ ਦੇ ਢੁੱਕਵਾਂ ਹੱਲ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |