ਰਾਮ ਤੀਰਥ, 5 ਮਾਰਚ (ਧਰਵਿੰਦਰ ਸਿੰਘ ਔਲਖ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਸਾ ਬਜ਼ਾਰ ਵਿਖੇ ਸਕੂਲ ਲਾਇਬ੍ਰੇਰੀ ਲਈ 'ਭਾਰਤ ਦੇ ਪ੍ਰਸਿੱਧ ਸ਼ਹਿਰ' ਅਤੇ 'ਜ਼ਿੰਦਗੀ ਦੇ ਰੰਗ' ਪੁਸਤਕਾਂ ਸਕੂਲ ਲਾਇਬ੍ਰੇਰੀ ਲਈ ਭੇਟ ਕੀਤੀਆਂ ਗਈਆਂ | 'ਭਾਰਤ ਦੇ ਪ੍ਰਸਿੱਧ ਸ਼ਹਿਰ' ਪੁਸਤਕ ਦੇ ਲੇਖਕ ਸੇਵਾ ਮੁਕਤ ਲੈਕਚਰਾਰ ਪੰਜਾਬੀ ਦਲਬੀਰ ਸਿੰਘ ਲੌਹੁਕਾ ਵਲੋਂ ਲਿਖੀ ਇਸ ਪੁਸਤਕਾਂ ਵਿਚ ਭਾਰਤ ਦੇ ਪ੍ਰਸਿੱਧ ਸ਼ਹਿਰਾਂ ਦਾ ਨਾਮਕਰਨ, ਇਤਿਹਾਸਕ ਅਤੇ ਸੱਭਿਆਚਾਰਕ ਜਾਣਕਾਰੀ ਦੇ ਪਿਛੋਕੜ ਨੂੰ ਬੜੀ ਸਰਲਤਾ ਅਤੇ ਗਿਆਨ ਪੂਰਵਕ ਸ਼ਬਦਾਵਲੀ ਨਾਲ ਪਰੋਇਆ ਗਿਆ ਹੈ | ਸੁਖਬੀਰ ਸਿੰਘ ਖੁਰਮਣੀਆਂ ਵਲੋਂ ਲਿਖੀ ਪੁਸਤਕ 'ਜ਼ਿੰਦਗੀ ਦੇ ਰੰਗ' ਵਿਅੰਗਮਈ ਕਹਾਣੀਆਂ ਵਿਚ ਸਮਾਜ ਤੇ ਮਨੁੱਖਾਂ ਦੀ ਜੀਵਨ ਸ਼ੈਲੀ ਵਿਚ ਵਾਪਰਦੀਆਂ ਘਟਨਾਵਾਂ ਨੂੰ ਵਿਅੰਗਮਈ ਅੰਦਾਜ਼ ਵਿਚ ਲਿਖਿਆ ਗਿਆ ਹੈ | ਇਸ ਮੌਕੇ ਸਕੂਲ ਦੇ ਕਾਰਜਕਾਰੀ ਪਿ੍ੰ: ਜਗਦੀਸ਼ ਰਾਜ ਨੇ ਬੋਲਦਿਆਂ ਕਿਹਾ ਕਿ ਚੰਗਾ ਸਾਹਿਤ ਤੇ ਪੁਸਤਕਾਂ ਗਿਆਨ ਦਾ ਸੋਮਾ ਹੁੰਦੀਆਂ ਹਨ ਅਤੇ ਇਹ ਸਮਾਜ ਅਤੇ ਸਾਹਿਤ ਪ੍ਰੇਮੀਆਂ ਦੀ ਜਾਣਕਾਰੀ ਵਿਚ ਵਾਧਾ ਕਰਦੀਆਂ ਹਨ | ਸਕੂਲ ਅਧਿਆਪਕਾ ਭੁਪਿੰਦਰ ਕੌਰ ਸੋਢੀ ਅਤੇ ਹੋਰ ਅਧਿਆਪਕਾਂ ਨੇ ਕਿਹਾ ਕਿ ਅਧਿਆਪਕ ਵਿਚ ਸਿੱਖਣ ਸਿਖਾਉਣ ਤੇ ਸਮਾਜ ਲਈ ਕੁਝ ਨਵਾਂ ਕਰਨ ਦੀ ਸੋਚ ਨੂੰ ਲੈ ਕੇ ਤੁਰਨਾ ਅਧਿਆਪਕ ਦੀ ਸ਼ਖ਼ਸੀਅਤ ਨੂੰ ਹੋਰ ਪ੍ਰਪੱਕ ਕਰਦਾ ਹੈ | ਇਸ ਮੌਕੇ ਸਕੂਲ ਸਟਾਫ਼ ਮੈਂਬਰ ਸਰਬਜੀਤ ਸਿੰਘ, ਲਵਦੀਪ ਸਿੰਘ, ਤਜਿੰਦਰ ਕੌਰ, ਸੰਦੀਪ ਕੌਰ, ਜੀਵਨਜੋਤ ਕੌਰ, ਗੁਰਪ੍ਰੀਤ ਕੌਰ ਅਤੇ ਅਮਨਦੀਪ ਕੌਰ ਹਾਜ਼ਰ ਸਨ |