ਹਰਸਾ ਛੀਨਾ, 7 ਮਾਰਚ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ ਵਿਖੇ ਸਥਿਤ ਕਾਮਰੇਡ ਸਰਬਜੀਤ ਸਿੰਘ ਭਿਟੇਵੱਡ ਯਾਦਗਾਰੀ ਹਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਪੁੱਜੇ ਕਿਸਾਨ-ਮਜ਼ਦੂਰਾਂ ਨੇ ਮੰਗਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਸਮੇਂ ਵਿਸੇਸ਼ ਤੌਰ 'ਤੇ ਪੁੱਜੇ ਯੂਨੀਅਨ ਦੇ ਸੂਬਾ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ 10 ਮਾਰਚ ਨੂੰ ਬਰਨਾਲਾ ਵਿਖੇ ਕਿਸਾਨ-ਮਜ਼ਦੂਰ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਭਾਗ ਲੈਣਗੇ | ਸ. ਖਤਰਾਏ ਕਲਾਂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰ ਰਹੀਆਂ ਕੇਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ 10 ਮਾਰਚ ਨੂੰ ਕੀਤੀ ਜਾ ਰਹੀ ਮਹਾਂਰੈਲੀ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ | ਇਸ ਸਮੇਂ ਮਾ. ਸੁਖਰਾਜ ਸਿੰਘ ਸਰਕਾਰੀਆ, ਜਸਪਾਲ ਸਿੰਘ ਨਾਗ ਨਵੇਂ, ਕਾਬਲ ਸਿੰਘ ਛੀਨਾ, ਰਜਿੰਦਰ ਸਿੰਘ ਭਲਾ ਪਿੰਡ, ਸੁਖਜੀਤ ਸਿੰਘ ਲੱਲਾ ਅਫਗਾਨਾ, ਇੰਦਰਜੀਤ ਸਿੰਘ ਮਹਿਲਾਂਵਾਲਾ, ਅਮਰੀਕ ਸਿੰਘ ਸੰਗਤਪੁਰਾ, ਵਿਜੈ ਸ਼ਾਹ ਧਾਰੀਵਾਲ, ਸੁੱਚਾ ਸਿੰਘ ਤੇੜਾ, ਕੁਲਵੰਤ ਸਿੰਘ ਤੋਲਾਨੰਗਲ, ਅਵਤਾਰ ਸਿੰਘ ਛੀਨਾ, ਲਖਬੀਰ ਸਿੰਘ ਸਾਰੰਗਦੇਵ, ਹਰਦਿਆਲ ਸਿੰਘ ਕੰਦੋਵਾਲੀ, ਅਗਰੇਜ ਸਿੰਘ ਲੱਖੂਵਾਲ ਸਮੇਤ ਹੋਰ ਕਿਸਾਨ ਆਗੂ ਹਾਜਰ ਸਨ |