ਬਾਬਾ ਬਕਾਲਾ ਸਾਹਿਬ, 10 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਅੱਜ ਪੰਜਾਬ ਵਿਚ ਸਭ ਅੱਛਾ' ਨਹੀਂ ਚੱਲ ਰਿਹਾ | ਥਾਂ-ਥਾਂ ਗੁੰਡਾਗਰਦੀ, ਕਤਲੋਗਾਰਤ ਅਤੇ ਸਹਿਮ ਦਾ ਮਾਹੌਲ ਹੈ, ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਾਵਨਾਂ ਨੂੰ ਮਾਰਿਆ ਜਾ ਰਿਹਾ ਹੈ | ਪਰ ਭਗਵੰਤ ਮਾਨ ਸਰਕਾਰ ਝੂਠੇ ਵਾਅਦਿਆਂ ਅਤੇ ਝੂਠੀਆਂ ਗਾਰੰਟੀਆਂ ਨੂੰ ਪੂਰਾ ਕਰਨ ਦਾ ਨਿੱਤ ਨਵਾਂ ਸ਼ੋਸ਼ਾ ਛੱਡ ਰਹੀ ਹੈ ਅਤੇ ਹਾਲ ਈ ਵਿਚ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਝੂਠ ਦਾ ਪੁਲੰਦਾ ਹੈ, ਇਹੀ ਕਾਰਣ ਹੈ ਕਿ ਲੋਕ ਹੁਣ ਲੋਕ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਅੱਕ-ਥੱਕ ਚੁੱਕੇ ਹਨ | ਇਹ ਪ੍ਰਗਟਾਵਾ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ, ਸਾਬਕਾ ਪਾਰਲੀਮਾਨੀ ਸਕੱਤਰ, ਅਤੇ ਸੀਨੀਅਰ ਭਾਜਪਾ ਆਗੂ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਸ: ਮੰਨਾ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਸੱਚਮੁੱਚ ਹੀ ਆਪਣੇ ਵਾਅਦੇ ਪੂਰੇ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਔਰਤਾਂ ਨੂੰ 1000 ਰੁ: ਦੇਣ ਦੀ ਬਜਾਏ ਪਿਛਲਾ ਬਕਾਇਆ 48,000/-ਰੁਪਏ ਦੇਵੇ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਹਰਦੀਪ ਸਿੰਘ ਗਿੱਲ, ਜਸਵੰਤ ਸਿੰਘ ਡਿੱਪੀ ਮੀਆਂਵਿੰਡ, ਰਾਜੇਸ਼ ਟਾਂਗਰੀ ਰਈਆ, ਕਰਮ ਸਿੰਘ ਖਿਲਚੀਆਂ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ, ਅਮਰੀਕ ਸਿੰਘ, ਜੱਸਾ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਗੋਲ੍ਹਣ (ਸਾਰੇ ਬਾਬਾ ਬਕਾਲਾ ਸਾਹਿਬ), ਚਾਂਦ ਡੇਅਰੀ ਬਿਆਸ, ਅੰਗਰੇਜ ਸਿੰਘ ਵਡਾਲਾ, ਗੁਰਚਰਨ ਸਿੰਘ ਸਠਿਆਲਾ, ਸੁਖਦੇਵ ਸਿੰਘ ਸਾਬਕਾ ਕੌਂਸਲਰ ਰਈਆ, ਮਾਹਣ ਸਿੰਘ ਬਿਆਸ ਅਤੇ ਹੋਰ ਵਰਕਰ ਮੌਜੂਦ ਸਨ |