ਚੌਂਕ ਮਹਿਤਾ, 10 ਮਾਰਚ (ਧਰਮਿੰਦਰ ਸਿੰਘ ਭੰਮਰਾ)-ਸ੍ਰੀ ਗੁਰੂ ਨਾਨਕ ਪਬਲਿਕ ਹਾਈ ਸਕੂਲ ਮਹਿਤਾ ਦੇ ਐੱਮ. ਡੀ. ਸ਼ਾਮ ਲਾਲ ਦੀ ਅਗਵਾਈ ਅਤੇ ਡਾਇਰੈਕਟਰ ਵੀਨਾ ਕੁਮਾਰੀ ਦੀ ਰਹਿਨੁਮਾਈ ਹੇਠ ਅੱਜ ਨਾਨ-ਬੋਰਡ ਕਲਾਸਾਂ ਦਾ ਰਿਜ਼ਲਟ ਕੱਢਿਆ ਗਿਆ | ਇਸ ਸਮਾਰੋਹ ਦੇ ਮੁੱਖ ਮਹਿਮਾਨ ਰਾਏ ਮੂਵੀਜ਼ ਦੇ ਮਾਲਕ, ਸ.ਸ.ਸ.ਸ. ਮਹਿਤਾ ਨੰਗਲ ਦੇ ਪਿ੍ੰ. ਇੰਚਾਰਜ ਨਰਿੰਦਰ ਰਾਏ ਅਤੇ ਅਧਿਆਪਨ ਦੇ ਵਿਸ਼ਾ ਮਾਹਿਰ ਰਸ਼ਪਾਲ ਸਿੰਘ ਸਨ | ਵਿਦਿਆਰਥੀਆਂ ਵਲੋਂ ਇਸ ਮੌਕੇ ਗੀਤ, ਕੋਰੀਓਗ੍ਰਾਫੀ ਅਤੇ ਹਾਸਰਸ ਸਕਿੱਟਾਂ ਰਾਹੀਂ ਮੰਤਰ ਮੁੱਗਧ ਕੀਤਾ ਗਿਆ | ਮੰਚ ਸੰਚਾਲਕ ਦੀ ਭੂਮਿਕਾ ਐਡਵੋਕੇਟ ਅਤੇ ਲੈਕਚਰਾਰ ਅਵਤਾਰ ਸਿੰਘ ਸਦਾਰੰਗ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ | ਮੁੱਖ ਮਹਿਮਾਨਾਂ ਵਲੋਂ ਸਕੂਲ ਦੀ ਬੈਸਟ ਟੀਚਰ ਵਜੋਂ ਮਿਸ ਹਰਪ੍ਰੀਤ ਕੌਰ ਨੂੰ ਸ਼ੀਲਡ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਲਾਨਾ ਇਨਾਮ ਵੰਡ ਸਮਾਰੋਹ ਵੀ ਆਯੋਜਿਤ ਕਰਵਾਇਆ, ਜਿਸ ਵਿਚ ਸਾਲਾਨਾ ਪ੍ਰੀਖਿਆ ਵਿਚੋਂ ਹਰ ਜਮਾਤ ਦੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ਉੱਪਰ ਆਉਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਐੱਮ. ਡੀ. ਸ਼ਾਮ ਲਾਲ ਵਲੋਂ ਵਿਦਿਆਰਥੀਆਂ ਦੇ ਵਧੀਆ ਰਿਜ਼ਲਟ ਅਤੇ ਹੋਰਨਾਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਦਾ ਸਿਹਰਾ ਹੋਣਹਾਰ ਵਿਦਿਆਰਥੀਆਂ, ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਿੱਤਾ | ਉਨਾਂ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਦੀ ਸ਼ਲਾਘਾ ਕੀਤੀ ਅਤੇ ਉਨਾਂ ਨਾਲ ਬਿਤਾਈਆਂ ਪੁਰਾਣੀਆਂ ਸਾਹਿਤਕ ਯਾਦਾਂ ਦਾ ਜ਼ਿਕਰ ਕੀਤਾ | ਮੁੱਖ ਮਹਿਰਾਨ ਪਿ੍ੰਸੀਪਲ ਰਾਏ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਫਲਤਾ ਪ੍ਰਾਪਤੀ ਦੇ ਤਰੀਕੇ ਦੱਸੇ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੂਹ ਸਕੂਲ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ | ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਸਟਾਫ਼ ਹੈੱਡ ਮਿਸਟ੍ਰੈਸ ਹਰਪ੍ਰੀਤ ਕੌਰ, ਪੂਜਾ, ਅਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਜੀਤ ਕੌਰ, ਮਨਪ੍ਰੀਤ ਕੌਰ ਆਦਿ ਸ਼ਾਮਿਲ ਸਨ |