ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਐਡਵੋਕੇਟ ਰਜੀਵ ਮਦਾਨ ਵਲੋਂ ਯੂ. ਪੀ. ਐੱਸ. ਸੀ. ਸਿਵਲ ਸੇਵਾਵਾਂ ਪ੍ਰੀਖਿਆਂ 2025 ਵਿਚ ਦੇਸ਼ ਭਰ 'ਚੋਂ 13ਵਾਂ ਰੈਂਕ ਹਾਸਿਲ ਕਰਨ ਵਾਲੀ ਪੰਜਾਬ ਪਬਲਿਕ ਸਕੂਲ ਨਾਭਾ ਦੀ ਸਾਬਕਾ ਵਿਦਿਆਰਥਣ ਅਨੰਨਿਆਂ ਸ਼ਰਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਐਡਵੋਕੇਟ ਜਨਰਲ ਰਾਜੀਵ ਮਦਾਨ ਰਾਜਾ ਨੇ ਕਿਹਾ ਕਿ ਅਨੰਨਿਆਂ ਸ਼ਰਮਾ ਨੇ ਆਪਣੇ ਹੌਸਲੇ ਅਤੇ ਮਿਹਨਤ ਨਾਲ ਨਾ ਸਿਰਫ ਆਪਣੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ, ਸਗੋਂ ਪੰਜਾਬ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਹੋਣਹਾਰ ਵਿਦਿਆਰਥਣਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ | ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਪਬਲਿਕ ਸਕੂਲ ਨਾਭਾ ਦੇ ਮੁੱਖ ਅਧਿਆਪਕ ਡਾ. ਡੀਸੀ ਸ਼ਰਮਾ ਦੀ ਧੀ ਅਨੰਨਿਆਂ ਸ਼ਰਮਾ ਨੇ ਸਿੱਖਿਆ ਦੇ ਖੇਤਰ ਵਿਚ ਇਹ ਵੱਡੀ ਉਪਲਬੱਧੀ ਹਾਸਿਲ ਕੀਤੀ ਹੈ, ਜਿਸ ਨਾਲ ਸਕੂਲ ਅਤੇ ਸੂਬੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ | ਇਸ ਮੌਕੇ ਸ੍ਰੀ ਡੀਸੀ ਸ਼ਰਮਾ, ਅਨੀਤਾ ਸ਼ਰਮਾ ਅਤੇ ਵੰਦਨਾ ਮਦਾਨ ਆਦਿ ਹਾਜ਼ਰ ਸਨ |