ਚਵਿੰਡਾ ਦੇਵੀ, 27 ਮਾਰਚ (ਸਤਪਾਲ ਸਿੰਘ ਢੱਡੇ)-ਰਿਜ਼ਰਵ ਬੈਂਕ ਆਫ ਇੰਡੀਆ, ਚੰਡੀਗੜ੍ਹ ਵਲੋਂ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਇੰਡੀਆ ਅਤੇ ਸੈਂਟਰ ਫਾਰ ਫਾਇਨੈਂਸ਼ਲ ਲਿਟਰੇਸੀ ਦੇ ਸਹਿਯੋਗ ਨਾਲ ਪਿੰਡ ਹਿਦਾਇਤਪੁਰਾ 'ਚ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਜਨ ਸੁਰੱਖਿਆ ਯੋਜਨਾਵਾਂ, ਰੀ-ਕੇ. ਵਾਈ. ਸੀ. ਦੀ ਮਹੱਤਤਾ, ਅਣਕਲੇਮ ਡਿਪਾਜ਼ਿਟਸ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਦੇ ਨਾਲ ਹੀ ਹਾਜ਼ਰ ਲੋਕਾਂ ਨੂੰ ਸੁਰੱਖਿਅਤ ਡਿਜ਼ਿਟਲ ਬੈਂਕਿੰਗ ਦੇ ਤਰੀਕਿਆਂ ਅਤੇ ਸਾਈਬਰ ਧੋਖਾਧੜੀ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਆਰ. ਬੀ. ਆਈ. ਚੰਡੀਗੜ੍ਹ ਦੇ ਐੱਲ. ਡੀ. ਓ. ਦੀਪਕ ਸਿੰਗਲਾ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਐੱਲ. ਡੀ. ਐੱਮ. ਅਪਰਨਾ ਸ਼ਰਮਾ ਨੇ ਲੋਕਾਂ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਪਿੰਡ ਦੇ ਸਰਪੰਚ ਰਵਿੰਦਰ ਪਾਲ ਸਿੰਘ ਨੇ ਆਰ. ਬੀ. ਆਈ. ਅਤੇ ਬੈਂਕਾਂ ਵਲੋਂ ਕਰਵਾਏ ਗਏ ਇਸ ਕੈਂਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਨਾਲ ਪਿੰਡ ਵਾਸੀਆਂ ਵਿਚ ਵਿੱਤੀ ਜਾਗਰੂਕਤਾ ਵਧੇਗੀ | ਕੈਂਪ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਪਿੰਡ ਹਿਦਾਇਤਪੁਰਾ ਵਿਚ ਜਲਦ ਹੀ ਬੈਂਕਿੰਗ ਕਰਾਸਪਾਂਡੈਂਟ (ਬੀ. ਸੀ.) ਪੁਆਇੰਟ ਖੋਲਿ੍ਹਆ ਜਾਵੇਗਾ, ਕਿਉਂਕਿ ਇਸ ਵੇਲੇ ਪਿੰਡ ਵਿਚ ਕੋਈ ਵੀ ਬੈਂਕ ਸ਼ਾਖਾ ਜਾਂ ਬੀ. ਸੀ. ਸਹੂਲਤ ਉਪਲਬੱਧ ਨਹੀਂ ਹੈ | ਇਸ ਦੇ ਨਾਲ ਹੀ ਕੈਂਪ ਵਿਚ ਨਵੇਂ ਬੈਂਕ ਖਾਤੇ ਖੋਲ੍ਹੇ ਗਏ ਅਤੇ ਜਨ ਸੁਰੱਖਿਆ ਯੋਜਨਾਵਾਂ ਹੇਠ ਰਜਿਸਟ੍ਰੇਸ਼ਨ ਵੀ ਕੀਤੀ ਗਈ | ਇਸ ਮੌਕੇ ਸਰਦੂਲ ਸਿੰਘ, ਇਕਬਾਲ ਸਿੰਘ, ਮੈਨੇਜਰ ਅੰਗਰੇਜ਼ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ |