ਬਾਬਾ ਬਕਾਲਾ ਸਾਹਿਬ- ਇਤਿਹਾਸਕ ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ (ਸ਼੍ਰੋਮਣੀ ਕਮੇਟੀ) ਦੇ ਪ੍ਰਬੰਧਾਂ ਅਧੀਨ ਚੱਲ ਰਹੇ ਗੁਰਦੁਆਰਾ ਪਾਤਿਸ਼ਾਹੀ ਨੌਵੀਂ, ਸ੍ਰੀ ਚੋਲਾ ਸਾਹਿਬ, ਪਿੰਡ ਕਾਲੇਕੇ, ਬਾਬਾ ਬਕਾਲਾ ਸਾਹਿਬ ਤੋਂ ਕੇਵਲ 10 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਇਤਿਹਾਸ ਮੁਤਾਬਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮਿ੍ਤਸਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਪਿੰਡ ਵੱਲੇ ਤੋਂ ਬਾਬਾ ਬਕਾਲਾ ਸਾਹਿਬ ਨੂੰ ਜਾਂਦਿਆਂ ਹੋਇਆਂ ਪਿੰਡ ਕਾਲੇਕੇ ਵਿਖੇ ਪੁੱਜੇ, ਸਿੱਖ ਉਨ੍ਹਾਂ ਦੇ ਨਾਲ ਸਨ | ਸਿੱਖਾਂ ਦੀ ਨਜ਼ਰ ਕਣਕ ਦੇ ਖੇਤ ਵੱਲ ਪਈ ਤਾਂ ਉਨ੍ਹਾਂ ਨੂੰ ਅਸਚਰਜ ਕੌਤਕ ਦਿਸਿਆ ਅਤੇ ਗੁਰੂ ਜੀ ਸਿੱਖਾਂ ਸਮੇਤ ਕਣਕ ਦੇ ਖੇਤ ਵੱਲ ਆਏ | ਕਣਕ ਦੀ ਰਾਖੀ ਕਰਦੇ ਇਕ ਬੱਚੇ ਨੂੰ ਤੱਕਿਆ ਉਹ ਚਿੜੀਆਂ ਉਡਾਣ ਦੀ ਥਾਂ ਬੱਬਰੀਆਂ ਵਿਚ ਪਾਣੀ ਪਾ ਕੇ ਰੱਖ ਰਿਹਾ ਸੀ | ਸਿੱਖਾਂ ਨੇ ਪੁੱਛਿਆ ਲੜਕਿਆ ਤੂੰ ਚਿੜੀਆਂ ਉਡਾਂਵਦਾ ਨਹੀਂ ਤਾਂ ਬੱਚੇ ਨੇ ਕਿਹਾ ਕਿ ਜਿਵੇਂ ਸਾਨੂੰ ਤ੍ਰੇਹ ਲੱਗਦੀ ਹੈ, ਇਨ੍ਹਾਂ ਨੂੰ ਵੀ ਲੱਗਦੀ ਹੈ | ਗੁਰੂ ਜੀ ਨੇ ਪੁੱਛਿਆ ਕਿ ਕਾਕਾ ਤੂੰ ਇਹ ਗੱਲ ਕਿੱਥੋਂ ਸਿੱਖੀ ਤਾਂ ਬੱਚੇ ਨੇ ਦੱਸਿਆ ਕਿ ਇਕ ਸਾਧੂ ਸੰਤ ਨਹਾ ਕੇ ਪੜ੍ਹਦਾ ਹੁੰਦਾ ਸੀ 'ਸਭਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਿ ਨਾ ਜਾਈ ¨' ਤਾਂ ਗੁਰੂ ਤੇਗ ਬਹਾਦਰ ਜੀ ਨੇ ਫਿਰ ਪੁੱਛਿਆ ਕਿ ਬੱਚੇ ਤੇਰਾ ਨਾਮ ਕੀ ਹੈ | ਉਸ ਨੇ ਦੱਸਿਆ ਕਿ ਮੇਰਾ ਨਾਮ ਨਾਰੂ ਹੈ | ਗੁਰੂ ਜੀ ਨਾਰੂ ਨੂੰ ਨਾਲ ਲੈ ਕੇ ਬਾਬਾ ਬਕਾਲਾ ਸਾਹਿਬ ਪੁਜੇ, ਜਿੱਥੇ ਵੀ ਤੀਰਥਾਂ ਨੂੰ ਗਏ ਤਾਂ ਨਾਰੂ ਟਹਿਲ ਹਾਜ਼ਰ ਰਿਹਾ | ਗੁਰੂ ਦਾ ਹੁਕਮ ਪਾ ਕੇ ਨਾਰੂ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਪੁੱਜ ਕੇ ਦਸਮ ਪਿਤਾ ਦੀ ਸੇਵਾ ਵਿਚ ਹਾਜ਼ਰ ਹੋਇਆ | ਦਸਮੇਸ਼ ਪਿਤਾ ਜੀ ਨੇ ਨਾਰੂ ਨੂੰ ਅੰਮਿ੍ਤ ਛਕਾ ਕੇ ਨਰ ਸਿੰਘ ਦਾ ਨਾਂਅ ਦਿੱਤਾ | ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਨਰ ਸਿੰਘ ਜ਼ਖਮੀਂ ਹਾਲਤ ਵਿਚ ਗੁਰੂ ਜੀ ਨੇ ਨਾਲ ਸੀ | ਘਨੋਲੀ ਦੀ ਇਕ ਖੱਤਰੀ ਸਿੱਖ ਨੇ ਨਰ ਸਿੰਘ ਦੇ ਰਾਜੀ ਹੋਣ ਤੱਕ ਸੇਵਾ ਕੀਤੀ | ਨਰ ਸਿੰਘ ਨੇ ਦਮਦਮਾ ਸਾਹਿਬ ਆਣ ਕੇ ਗੁਰੂ ਜੀ ਦੇ ਚਰਨਾਂ ਵਿਚ ਸੀਸ ਰੱਖਿਆ | ਗੁਰੂ ਜੀ ਨੇ ਪ੍ਰਸੰਨ ਹੋ ਕੇ ਹੇਠ ਲਿਖੀਆਂ ਬਖ਼ਸ਼ਿਸ਼ਾਂ ਕੀਤੀਆਂ, ਜਿਸ ਵਿਚ ਗੁਰੂ ਜੀ ਦੇ ਤਨ ਦਾ ਚੋਲਾ ਸਾਹਿਬ, ਤੀਰ ਦੀ ਮੁਖੀ ਨਾਲ ਦਸਤਖਤ ਅਤੇ ਹੁਕਮਨਾਮਾ, ਨਰ ਸਿੰਘ ਦੀ ਗੁਰੂ ਜੀ ਨਾਲ ਹੱਥ ਨਾਲ ਬਣੀ ਫੋਟੋ | ਇਨ੍ਹਾਂ ਵਸਤਾਂ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ ਹਨ | ਇਸ ਅਸਥਾਨ 'ਤੇ ਹਰ ਸਾਲ ਵਾਂਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਐਤਕੀਂ ਵੀ ਮਿਤੀ 28-29 ਮਾਰਚ ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | -ਸ਼ੇਲਿੰਦਰਜੀਤ ਸਿੰਘ ਰਾਜਨ