ਗੱਗੋਮਾਹਲ, 2 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਮੁੱਖ ਸੂਬਾ ਪ੍ਰਬੰਧਕ ਸਵਿੰਦਰਪਾਲ ਸਿੰਘ ਮੋਹਲੋਵਾਲੀ ਵਲੋਂ ਜਥੇਬੰਦੀ ਦੇ ਰਮਦਾਸ ਯੂਨਿਟ ਦਾ ਪ੍ਰਧਾਨ ਉਪਕਾਰ ਸਿੰਘ ਰੰਧਾਵਾ ਨੂੰ ਥਾਪ ਕੇ ਜਥੇਬੰਦੀ ਦੀਆਂ ਬਾਕੀ ਨਿਯੁਕਤੀਆਂ ਦਾ ਜਿੰਮਾ ਸੌਂਪਿਆ | ਇਸ ਸਮੇਂ ਬੋਲਦਿਆਂ ਮੋਹਲੋਵਾਲੀ ਨੇ ਕਿਹਾ ਕਿ ਦੇਸ਼ 'ਚ 65 ਪ੍ਰਤੀਸ਼ਤ ਲੋਕ ਖੇਤੀਬਾੜੀ ਦਾ ਧੰਦਾ ਕਰਦੇ ਹਨ | ਦੇਸ਼ ਦੀ ਸਰਕਾਰ ਵਲੋਂ ਗੋਡੇ ਟੇਕ ਕੇ ਅਮਰੀਕਾ ਵਰਗੇ ਕਾਰਪੋਰੇਟ ਦੇਸ਼ ਨਾਲ ਖੇਤੀ ਸਮਝੌਤਾ ਕੀਤਾ ਗਿਆ ਹੈ ਜਿਸ ਤਹਿਤ ਅਮਰੀਕਾ ਤੋਂ ਸਸਤੇ ਮੁੱਲ 'ਤੇ ਕਣਕ, ਚਾਵਲ, ਮੱਕੀ, ਦਾਲਾਂ, ਖਾਣ ਵਾਲੇ ਤੇਲ ਆਦਿ ਵਸਤਾਂ ਸਸਤੇ ਭਾਅ 'ਤੇ ਵੇਚੀਆਂ ਜਾਣਗੀਆਂ ਜਿਸ ਨਾਲ ਪੰਜਾਬ ਸਮੇਤ ਦੇਸ਼ ਦੀ ਕਿਸਾਨੀ ਬਰਬਾਦੀ ਦੇ ਕੰਡੇ ਖੜ੍ਹੀ ਹੋ ਜਾਵੇਗੀ ਤੇ ਕਿਸਾਨ ਮਜਬੂਰੀ ਵੱਸ ਆਪਣੀਆਂ ਜ਼ਮੀਨਾਂ ਕਾਰਪੋਰੇਟਾਂ ਹਵਾਲੇ ਕਰਨ ਲਈ ਮਜਬੂਰ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕੀ ਪ੍ਰਸ਼ਾਸਨ ਦੇ ਇਸ਼ਾਰਿਆਂ 'ਤੇ ਚੱਲ ਕੇ ਦੇਸ਼ ਨੂੰ ਬਰਬਾਦ ਕਰਨ 'ਤੇ ਕਿਉਂ ਤੁਲਿਆ ਹੋਇਆ ਹੈ | ਇਸ ਸਮੇਂ ਨਵਨਿਯੁਕਤ ਪ੍ਰਧਾਨ ਰੰਧਾਵਾ ਨੇ ਕਿਹਾ ਕਿ ਜਥੇਬੰਦੀ ਵਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਲਖਵਿੰਦਰ ਸਿੰਘ, ਡਾ. ਦਿਲਬਾਗ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ, ਮੁਲਖ ਰਾਜ ਤੇ ਜੋਬਨਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ |
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਰਮਦਾਸ ਯੂਨਿਟ ਦਾ ਗਠਨ, ਰੰਧਾਵਾ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ
ਅਜੀਤ ਡੈਸਕ
03-04-2026