ਅਜਨਾਲਾ, 3 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਨਾਲ ਸੰਬੰਧਿਤ ਰਾਜ-ਸਭਾ ਮੈਂਬਰ ਰਾਘਵ ਚੱਢਾ ਨੂੰ ਪਾਰਟੀ ਵਲੋਂ ਰਾਜ ਸਭਾ 'ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਵਲੋਂ 'ਆਪ' ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਘਵ ਚੱਢਾ ਗੰਭੀਰ ਮੁੱਦਿਆਂ ਦੀ ਬਜਾਏ ਸਮੋਸਿਆਂ ਅਤੇ ਕੌਫ਼ੀ ਦੇ ਰੇਟਾਂ ਸੰਬੰਧੀ ਗੱਲਾਂ ਕਰ ਰਹੇ ਹਨ, ਜਦਕਿ ਉਨ੍ਹਾਂ ਨੂੰ ਦੇਸ਼ ਦੇ ਹਿਤਾਂ ਅਤੇ ਲੋਕਾਂ ਨਾਲ ਜੁੜੇ ਅਹਿਮ ਮਸਲਿਆਂ ਨੂੰ ਉਠਾਉਣਾ ਚਾਹੀਦਾ ਸੀ | ਧਾਲੀਵਾਲ ਨੇ ਕਿਹਾ ਕਿ ਜਨਤਾ ਆਪਣੇ ਨੁਮਾਇੰਦਿਆਂ ਤੋਂ ਉਮੀਦ ਕਰਦੀ ਹੈ ਕਿ ਉਹ ਸੰਸਦ ਵਿਚ ਲੋਕ ਹਿੱਤ ਦੀ ਗੱਲ ਕਰਨ, ਨਾ ਕਿ ਗ਼ੈਰ-ਜ਼ਰੂਰੀ ਚਰਚਾਵਾਂ ਵਿਚ ਸਮਾਂ ਬਰਬਾਦ ਕਰਨ | ਵਿਧਾਇਕ ਧਾਲੀਵਾਲ ਅੱਜ ਹਲਕਾ ਅਜਨਾਲਾ ਦੇ ਪਿੰਡ ਸਰਾਏ, ਰਿਆੜ, ਵੰਝਾਂਵਾਲਾ ਅਤੇ ਨੰਗਲ ਤੋਂ ਇਲਾਵਾ ਹੋਰਨਾਂ ਪਿੰਡਾਂ ਵਿਚ ਜਨ 'ਸੰਵਾਦ' ਮੀਟਿੰਗਾਂ ਕਰਨ ਉਪਰੰਤ 'ਅਜੀਤ' ਨਾਲ ਵਿਸ਼ੇਸ਼ ਗੱਲ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਸਭ ਤੋਂ ਵੱਡਾ ਖ਼ਤਰਾ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਤੋਂ ਹੈ | ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐੱਚ.ਐੱਸ. ਫੂਲਕਾ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਦੇ ਮਾਮਲੇ 'ਤੇ ਵੀ ਵਿਧਾਇਕ ਧਾਲੀਵਾਲ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇੱਕ ਕਾਬਲ ਅਤੇ ਸੁਲਝੇ ਹੋਏ ਵਕੀਲ ਵਜੋਂ ਉਹ ਫੂਲਕਾ ਦੀ ਬਹੁਤ ਇੱਜ਼ਤ ਕਰਦੇ ਹਨ, ਉਨ੍ਹਾਂ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਸਮਝ ਤੋਂ ਬਾਹਰ ਹੈ | ਇਸ ਮੌਕੇ ਸਰਪੰਚ ਪਹਿਲਵਾਨ ਗੁਰਜੰਟ ਸਿੰਘ ਧਾਲੀਵਾਲ ਸਰਾਏ, ਸਰਪੰਚ ਇਕਬਾਲ ਸਿੰਘ ਰਿਆੜ, ਸੁਖਜਿੰਦਰ ਸਿੰਘ ਸੁੱਖ ਰਿਆੜ, ਪ੍ਰਧਾਨ ਹਰਵਿੰਦਰ ਸਿੰਘ ਸ਼ਾਹ, ਦਵਿੰਦਰ ਸਿੰਘ ਸ਼ਾਹ, ਸ਼ੇਰ ਸਿੰਘ ਭੁੱਲਰ ਪੰਡੋਰੀ, ਸਾਬਕਾ ਸਰਪੰਚ ਬਲਦੇਵ ਸਿੰਘ ਸਰਾਏ, ਕਰਮਜੀਤ ਸਿੰਘ ਗੋਲਡੀ ਰਿਆੜ, ਪਰਮਜੀਤ ਸਿੰਘ ਨਾਮਧਾਰੀ ਰਿਆੜ ਬਲਾਕ ਪ੍ਰਧਾਨ ਕਿਸਾਨ ਵਿੰਗ, ਅਜੀਤ ਸ਼ਾਹ ਵੰਝਾਂਵਾਲਾ, ਨੰਬਰਦਾਰ ਗੁਰਮੁਖ ਸਿੰਘ, ਮੇਜਰ ਸਿੰਘ ਪੰਚ, ਹਰਜੀਤ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਆਲਮ ਸਿੰਘ ਰਿਆੜ ਪੰਚ, ਮਿੰਟੂ ਪੰਚ, ਮਲਕੀਤ ਸਿੰਘ, ਰਣਜੀਤ ਸਿੰਘ ਰਾਣਾ, ਸਵਿੰਦਰ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ |