ਜੇਠੂਵਾਲ, 16 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਗਰੁੱਪ ਆਫ ਇੰਸਟੀਚਿਊਟਸ ਵਲੋਂ 'ਬਾਸਕਟਬਾਲ ਲੀਗ ਸੀਜ਼ਨ-1 ਟੂਰਨਾਮੈਂਟ ਕਰਵਾਇਆ ਗਿਆ | ਇੰਸਟੀਚਿਊਟ ਦੇ ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਰਵਾਏ ਗਏ ਉਕਤ ਪ੍ਰਤੀਯੋਗਤਾ ਦੌਰਾਨ ਉਦਘਾਟਨੀ ਮੈਚ ਮੈਨੇਜਮੈਂਟ ਅਤੇ ਫਾਰਮੇਸੀ ਵਿਭਾਗਾਂ ਵਿਚਕਾਰ ਖੇਡਿਆ ਗਿਆ, ਜਿਸ 'ਚ ਮੈਨੇਜਮੈਂਟ ਟੀਮ ਨੇ ਸ਼ਾਨਦਾਰ ਟੀਮ ਵਰਕ ਅਤੇ ਕੰਟਰੋਲ ਦਿਖਾਉਂਦੇ ਹੋਏ 20-10 ਦੇ ਸਕੋਰ ਨਾਲ ਜਿੱਤ ਹਾਸਿਲ ਕੀਤੀ | ਜਦਕਿ ਦੂਜਾ ਮੈਚ ਪੈਰਾਮੈਡੀਕਲ ਅਤੇ ਐੱਮ.ਸੀ.ਏ./ਬੀ.ਸੀ.ਏ. ਵਿਭਾਗਾਂ ਵਿਚਕਾਰ ਹੋਇਆ, ਜੋ ਬਹੁਤ ਹੀ ਰੋਮਾਂਚਿਕ ਰਿਹਾ | ਇਸ 'ਚ ਐਮ.ਸੀ.ਏ./ਬੀ.ਸੀ.ਏ. ਟੀਮ ਨੇ 30-21 ਦੇ ਸਕੋਰ ਨਾਲ ਜਿੱਤ ਪ੍ਰਾਪਤ ਕਰਕੇ ਫਾਈਨਲ 'ਚ ਆਪਣੀ ਜਗ੍ਹਾ ਬਣਾਈ | ਇਸ ਮੌਕੇ ਡਾ. ਚੰਦੀ ਨੇ ਖਿਡਾਰੀਆਂ ਦੇ ਬਾ-ਕਮਾਲ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ 'ਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਫਾਈਨਲ ਮੈਚ ਮੈਨੇਜਮੈਂਟ ਅਤੇ ਐੱਮ. ਸੀ. ਏ., ਬੀ. ਸੀ. ਏ. ਟੀਮਾਂ ਵਿਚਕਾਰ ਖੇਡਿਆ ਗਿਆ | ਇਹ ਮੈਚ ਕਾਫੀ ਮੁਕਾਬਲੇਦਾਰ ਰਿਹਾ, ਪਰ ਮੈਨੇਜਮੈਂਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 27-15 ਦੇ ਸਕੋਰ ਨਾਲ ਜਿੱਤ ਦਰਜ ਕਰਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ | ਉਨ੍ਹਾਂ ਕਿਹਾ ਕਿ ਇਸ ਲੀਗ ਮੈਚ ਦਾ ਆਯੋਜਨ ਨਾਕ-ਆਉਟ ਆਧਾਰ 'ਤੇ ਕੀਤਾ ਗਿਆ, ਜਿਸ 'ਚ ਮੈਨੇਜਮੈਂਟ, ਫਾਰਮੇਸੀ, ਪੈਰਾਮੈਡੀਕਲ ਅਤੇ ਐਮ.ਸੀ.ਏ./ਬੀ.ਸੀ.ਏ. ਵਿਭਾਗਾਂ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ | ਉਨ੍ਹਾਂ ਕਿਹਾ ਕਿ ਹਰੇਕ ਮੈਚ 'ਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ, ਬੇਹਤਰ ਰਣਨੀਤੀ ਅਤੇ ਉੱਤਮ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਡਾ. ਚੰਦੀ ਨੇ ਡਾਇਰੈਕਟਰ ਡਾ. ਐਮ.ਐਸ. ਸੈਣੀ ਅਤੇ ਡੀਨ ਡਾ. ਪੀ. ਕੇ. ਸ਼ਰਮਾ ਨਾਲ ਮਿਲ ਕੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਡਾਇਰੈਕਟਰ ਪ੍ਰੋ. ਬੀ. ਡੀ. ਸ਼ਰਮਾ, ਕਰਨਲ ਸੁਧੀਰ ਬਹਿਲ, ਦਿਲਰਾਜ ਸਿੰਘ ਸਮੇਤ ਡੀਨ, ਪਿ੍ੰਸੀਪਲ, ਵਿਭਾਗ ਮੁਖੀ, ਅਧਿਆਪਕ ਵਰਗ ਅਤੇ ਵੱਡੀ ਗਿਣਤੀ 'ਚ ਵਿਦਿਆਰਥੀ ਮੌਜੂਦ ਸਨ |