ਚੌਂਕ ਮਹਿਤਾ, 22 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)-ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਅਤੇ ਕਾਲਜੀਏਟ ਸਕੂਲ ਮਹਿਤਾ ਚੌਕ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਇਕ ਪ੍ਰਤਿਯੋਗਿਤਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਭਾਸ਼ਨ, ਕਵਿਤਾਵਾਂ, ਸਲੋਗਨ, ਚਾਰਟਾਂ ਰਾਹੀਂ ਵਾਤਾਵਰਨ ਨੂੰ ਸੁਰੱਖਿਅਤ ਕਰਨ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਪਾਣੀ, ਹਵਾ, ਬਿਜਲੀ ਅਤੇ ਧਰਤੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਹਨ, ਇਸ ਲਈ ਇਨ੍ਹਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ | ਉਨ੍ਹਾਂ ਨੇ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ, ਪਾਣੀ ਦੀ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਭ ਮਿਲ ਕੇ ਧਰਤੀ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਈਏ | ਉਪਰੰਤ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸੁਭਾਗੇ ਮੌਕੇ 'ਤੇ ਕਾਲਜ ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਪਿ੍ੰਸੀਪਲ ਜਤਿੰਦਰ ਸ਼ਰਮਾ, ਕੁਲਦੀਪ ਕੌਰ, ਸੁਖਦੇਵ ਸਿੰਘ, ਸੁਖਜੀਤ ਸਿੰਘ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਸਾਰਿਆਂ ਨੂੰ ਧਰਤੀ ਦਿਵਸ ਦੀ ਮੁਬਾਰਕਬਾਦ ਦਿੱਤੀ |