ਅਜਨਾਲਾ, 23 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਐੱਨ.ਐੱਸ.ਏ. ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਪੁਲਿਸ ਵਲੋਂ ਅਜਨਾਲਾ ਥਾਣਾ ਹਮਲੇ ਮਾਮਲੇ 'ਚ ਰਸਮੀ ਤੌਰ 'ਤੇ ਗਿ੍ਫਤਾਰ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਡਿਬਰੂਗੜ ਜੇਲ੍ਹ ਵਿਚ ਬੰਦ ਰੱਖਣ ਦੇ ਰੋਸ ਵਜੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੌਮੀ ਬੁਲਾਰੇ ਤੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਜਸਕਰਨ ਸਿੰਘ ਰਿਆੜ ਦੀ ਅਗਵਾਈ ਹੇਠ 25 ਅਪ੍ਰੈਲ ਨੂੰ ਮੋਟਰਸਾਈਕਲ ਰੋਸ ਮਾਰਚ ਕੀਤਾ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ ਰਿਆੜ ਨੇ ਦੱਸਿਆ ਕਿ ਇਹ ਮੋਟਰਸਾਈਕਲ ਮਾਰਚ ਗੋਲਡਨ ਗੇਟ ਅੰਮਿ੍ਤਸਰ ਤੋਂ ਸ਼ੁਰੂ ਹੋ ਕੇ ਬਾਈਪਾਸ ਰੋਡ ਹੁੰਦਾ ਹੋਇਆ ਇੰਡੀਆ ਗੇਟ ਆ ਕੇ ਸਮਾਪਤ ਹੋਵੇਗਾ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਤੋਂ ਪੰਜਾਬ ਨੂੰ ਕੋਈ ਖ਼ਤਰਾ ਨਹੀਂ ਅਤੇ ਸਰਕਾਰ ਸਿਰਫ਼ ਉਨ੍ਹਾਂ ਦੀ ਚੜਦੀਕਲ੍ਹਾ ਤੋਂ ਘਬਰਾਈ ਹੈ, ਜਿਸ ਕਰਕੇ ਉਨ੍ਹਾਂ ਨੂੰ ਪੰਜਾਬ ਨਹੀਂ ਆਉਣ ਦਿੱਤਾ ਜਾ ਰਿਹਾ ਤੇ ਐਨਐਸਏ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਜਾਣਬੁਝ ਕੇ ਆਸਾਮ ਦੀ ਜੇਲ੍ਹ ਵਿਚ ਹੀ ਰੱਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਦੇ ਲੋਕ ਉਡੀਕ ਰਹੇ ਹਨ ਤੇ ਇਸ ਉਡੀਕ ਅਤੇ ਪਿਆਰ ਨੂੰ ਦਰਸਾਉਣ ਅਤੇ ਉਨ੍ਹਾਂ ਨੂੰ ਡਿਬਰੂਗੜ ਜੇਲ੍ਹ ਵਿਚ ਬੰਦ ਰੱਖਣ ਦੇ ਵਿਰੋਧ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੀ ਟੀਮ ਵਲੋਂ ਇਹ ਮੋਟਰਸਾਈਕਲ ਰੋਸ ਮਾਰਚ ਕੀਤਾ ਜਾਵੇਗਾ, ਜਿਸ ਵਿਚ ਭਾਰੀ ਗਿਣਤੀ ਵਿਚ ਨੌਜਵਾਨ ਮੋਟਰਸਾਈਕਲਾਂ ਤੇ ਪਹੁੰਚਣਗੇ ਅਤੇ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕਰਨਗੇ |