ਜੰਡਿਆਲਾ ਗੁਰੂ, 23 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਮਾਝਾ ਪ੍ਰੈਸ ਕਲੱਬ, ਅੰਮਿ੍ਤਸਰ ਦੀ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਲੱਬ ਦੀ ਇਸ ਵਰ੍ਹੇ ਦੀ ਚੋਣ ਸਮੇਤ ਸਾਲ ਭਰ ਦੀਆਂ ਗਤੀਵਿਧੀਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਮੌਜੂਦ ਵੱਖ-ਵੱਖ ਅਦਾਰਿਆਂ ਨਾਲ ਜੁੜੇ ਸਮੂਹ ਪੱਤਰਕਾਰ ਸਾਥੀਆਂ ਵਲੋਂ ਪਿਛਲੇ ਢਾਈ ਦਹਾਕਿਆਂ ਤੋਂ ਪੱਤਰਕਾਰੀ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਦੇ ਨਾਲ ਲੰਬੇ ਸਮੇਂ ਤੋਂ ਮਾਝਾ ਪ੍ਰੈੱਸ ਕਲੱਬ, ਅੰਮਿ੍ਤਸਰ ਦੀ ਪ੍ਰਧਾਨਗੀ ਕਰ ਰਹੇ ਗੁਰਦੀਪ ਸਿੰਘ ਨਾਗੀ ਨੂੰ 14ਵੀਂ ਵਾਰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ | ਇਸ ਤੋਂ ਇਲਾਵਾ ਜਸਵੰਤ ਸਿੰਘ ਮਾਂਗਟ ਨੂੰ ਜਨਰਲ ਸਕੱਤਰ, ਅੰਮਿ੍ਤਪਾਲ ਸਿੰਘ ਨੂੰ ਸਰਪ੍ਰਸਤ, ਗੁਰਪਾਲ ਸਿੰਘ ਰਾਏ ਨੂੰ ਸਕੱਤਰ, ਹਰੀਸ਼ ਕੱਕੜ ਤੇ ਸਿਮਰਤਪਾਲ ਸਿੰਘ ਬੇਦੀ ਨੂੰ ਮੀਤ ਪ੍ਰਧਾਨ, ਸਵਿੰਦਰ ਸਿੰਘ ਲਹੌਰੀਆ ਤੇ ਸੁਖਦੇਵ ਸਿੰਘ ਬੱਬੂ ਨੂੰ ਖਜ਼ਾਨਚੀ, ਕੁਲਦੀਪ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਨੂੰ ਕਾਨੂੰਨੀ ਸਲਾਹਕਾਰ, ਪਰਵਿੰਦਰ ਸਿੰਘ ਮਲਕ ਤੇ ਪ੍ਰਗਟ ਸਿੰਘ ਨੂੰ ਪ੍ਰਚਾਰ ਸਕੱਤਰ, ਸੁਖਚੈਨ ਸਿੰਘ ਤੇ ਸਤਿੰਦਰ ਸਿੰਘ ਅਠਵਾਲ ਨੂੰ ਪ੍ਰੈੱਸ ਸਕੱਤਰ, ਸਤਪਾਲ ਵਿਨਾਇਕ ਤੇ ਕੁਲਦੀਪ ਸਿੰਘ ਖਹਿਰਾ ਨੂੰ ਮੁੱਖ ਸਲਾਹਕਾਰ ਨਿਯਕੁਤ ਕੀਤਾ ਗਿਆ | ਇਸ ਮੌਕੇ ਡਾਕਟਰ ਗੁਰਮੀਤ ਸਿੰਘ ਨੰਡਾ ਤੇ ਗੁਰਵਿੰਦਰ ਸਿੰਘ ਹੈਪੀ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ | ਇਸ ਦੌਰਾਨ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮਾਝਾ ਪ੍ਰੈੱਸ ਕਲੱਬ, ਅੰਮਿ੍ਤਸਰ ਅਤੇ ਪੱਤਰਕਾਰ ਭਾਈਚਾਰੇ ਦੇ ਭਲੇ ਹਿੱਤ ਹਮੇਸ਼ਾ ਤਤਪਰ ਰਹਿਣਗੇ | ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਕਲੱਬ ਦੇ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਕਲੱਬ ਦੀਆਂ ਪਿਛਲੇ ਵਰ੍ਹੇ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਭਵਿੱਖ ਵਿਚ ਵੀ ਸਮੂਹ ਸਾਥੀਆਂ ਦੇ ਉੱਦਮ ਤੇ ਸਹਿਯੋਗ ਨਾਲ ਸਮਾਜ ਭਲਾਈ ਦੇ ਕਾਰਜ ਜਾਰੀ ਰੱਖਣ ਦਾ ਭਰੋਸਾ ਦੁਆਇਆ | ਇਸ ਮੌਕੇ ਕਲੱਬ ਸਰਪ੍ਰਸਤ ਅੰਮਿ੍ਤਪਾਲ ਸਿੰਘ ਅਤੇ ਜਨਰਲ ਸਕੱਤਰ ਜਸਵੰਤ ਸਿੰਘ ਮਾਂਗਟ ਨੇ ਗੁਰਦੀਪ ਸਿੰਘ ਨਾਗੀ ਨੂੰ ਸਨਮਾਨਿਤ ਕੀਤਾ |