ਮਜੀਠਾ, 26 ਅਪ੍ਰੈਲ (ਜਗਤਾਰ ਸਿੰਘ ਸਹਿਮੀ)- ਪਿਛਲੇ ਦਿਨੀਂ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ | ਜਿਸ ਨਾਲ ਕਣਕ ਦੇ ਝਾੜ 'ਤੇ ਬੁਰਾ ਅਸਰ ਪਿਆ ਹੈ | ਸੂਬੇ ਭਰ ਦੀਆਂ ਦਾਣਾ ਮੰਡੀਆਂ ਵਿਚ ਇੰਨੀ ਦਿਨੀ ਅੰਦਰ ਕਣਕ ਦੀ ਆਮਦ ਜ਼ੋਰਾਂ 'ਤੇ ਹੈ ਅਤੇ ਲਗਭਗ ਕਣਕ ਦੀ ਕਟਾਈ ਮੁਕੰਮਲ ਹੋਣ 'ਤੇ ਹੈ | ਅਮਿ੍ਤਸਰ ਦੇ ਹਲਕਾ ਮਜੀਠਾ ਦੀ ਮੁੱਖ ਮਜੀਠਾ ਦਾਣਾ ਮੰਡੀ ਵਿਚ ਵੀ ਭਾਰੀ ਮਾਤਰਾ ਵਿਚ ਕਣਕ ਆ ਚੁੱਕੀ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਆਮਦ ਘੱਟ ਹੋਈ ਹੈ | ਮੰਡੀ ਵਿਚ ਬਣੇ ਪੱਕੇ ਫੜ੍ਹ ਕਣਕ ਦੀਆਂ ਬੋਰੀਆਂ ਅਤੇ ਖੁੱਲੀ ਕਣਕ ਨਾਲ ਨੱਕੋ ਨੱਕ ਭਰੇ ਪਏ ਹਨ | ਇਸ ਦੇ ਨਾਲ ਹੀ ਹਜ਼ਾਰਾਂ ਕੁਇੰਟਲ ਕਣਕ ਫੜ੍ਹਾਂ ਦੇ ਬਾਹਰ ਖੁੱਲੇ ਅਸਮਾਨ ਹੇਠਾਂ ਪਈ ਹੈ | ਇਸ ਦੌਰਾਨ ਅਗਰ ਬਰਸਾਤ ਹੋ ਜਾਂਦੀ ਹੈ ਤਾਂ ਇਹ ਬਾਹਰ ਖੁੱਲੇ ਵਿਚ ਪਈ ਹਜ਼ਾਰਾਂ ਕੁਇੰਟਲ ਕਣਕ ਖਰਾਬ ਹੋਣ ਦਾ ਖਦਸ਼ਾ ਹੈ | ਮੰਡੀ ਅਧਿਕਾਰੀ ਜਸਪਾਲ ਸਿੰਘ ਸਕੱਤਰ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਦਾਣਾ ਮੰਡੀ ਮਜੀਠਾ ਵਿਚ ਹੁਣ ਤੱਕ ਕਰੀਬ 17936 ਟਨ ਕਣਕ ਮੰਡੀ ਵਿਚ ਆ ਚੁੱਕੀ ਹੈ ਜਿਸ ਵਿਚੋਂ ਸਰਕਾਰੀ ਖ਼ਰੀਦ ਏਜੰਸੀ ਪਨਗਰੇਨ ਵਲੋਂ 6345 ਟਨ, ਮਾਰਕਫੈੱਡ ਵਲੋਂ 5966 ਟਨ ਅਤੇ ਪੰਜਾਬ ਵੇਅਰ ਹਾਊਸ ਵਲੋਂ ਹੁਣ ਤੱਕ 5625 ਟਨ ਕਣਕ ਖ਼ਰੀਦ ਕੀਤੀ ਗਈ ਹੈ | ਜਿਹੜੀ ਕਿ ਨਾਂਹ ਦੇ ਬਰਾਬਰ ਹੈ | ਬਾਕੀ ਖ਼ਰੀਦ ਕੀਤੀ ਹੋਈ ਸਾਰੀ ਕਣਕ ਮੰਡੀ ਵਿਚ ਕੁਝ ਤਾਂ ਟੀਨਾਂ ਦੇ ਸ਼ੈੱਡ ਹੇਠਾਂ ਹੈ ਪਰ ਬਹੁਤੀ ਤਦਾਦ ਵਿਚ ਖੁੱਲੇ ਆਸਮਾਨ ਹੇਠਾਂ ਹੀ ਪਈ ਹੈ | ਓਧਰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਦਾਮਾਂ ਵਿਚ ਜਗ੍ਹਾ ਦੀ ਘਾਟ ਹੋਣ ਕਾਰਨ ਲਿਫਟਿੰਗ ਵਿਚ ਦੇਰੀ ਹੋ ਰਹੀ ਹੈ | ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਫਿਰ ਖਰਾਬ ਹੋਇਆ ਤਾਂ ਖੁੱਲ੍ਹੇ ਵਿਚ ਪਈ ਹਜ਼ਾਰਾਂ ਟਨ ਕਣਕ ਖਰਾਬ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ | ਇਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ | ਆੜਤੀ ਐਸੋਸੀਏਸ਼ਨ ਨੇ ਇਸ ਮਾਮਲੇ ਵਿਚ ਚਿੰਤਾ ਜ਼ਾਹਰ ਕੀਤੀ ਹੈ ਅਤੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਕਣਕ ਨੂੰ ਜਲਦ ਤੋਂ ਜਲਦ ਲਿਫਟ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਬਰਸਾਤ ਅਤੇ ਗੜੇਮਾਰੀ ਨਾਲ ਪਹਿਲਾਂ ਹੀ ਫਸਲ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ, ਹੁਣ ਮੰਡੀਆਂ ਵਿਚ ਖੁੱਲ੍ਹੇ ਵਿਚ ਪਈ ਕਣਕ ਵੀ ਬਰਬਾਦ ਨਾ ਹੋਵੇ | ਕਿਸਾਨ ਅਤੇ ਆੜਤੀਏ ਇਸ ਗੱਲ ਤੋਂ ਚਿੰਤਤ ਹਨ ਕਿ ਜੇਕਰ ਸਮਾਂ ਰਹਿੰਦੇ ਲਿਫਟਿੰਗ ਨਾ ਹੋਈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ |
ਮਜੀਠਾ ਦਾਣਾ ਮੰਡੀ 'ਚ ਲਿਫਟਿੰਗ ਦੀ ਦੇਰੀ ਕਾਰਨ ਹਜ਼ਾਰਾਂ ਟਨ ਕਣਕ ਪਈ ਖੁੱਲ੍ਹੇ ਅਸਮਾਨ ਹੇਠ <br/>
ਅਜੀਤ ਡੈਸਕ
27-04-2026