ਬਾਬਾ ਬਕਾਲਾ ਸਾਹਿਬ, 28 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਵਰਲਡ ਟਾਕ ਬੰਗਲੋਰ ਦੀ ਟਾਟਾ ਕੰਪਨੀ ਵਲੋਂ ਹਾਲ ਈ ਵਿਚ ਕਰਵਾਈ ਗਈ 10 ਕਿੱਲੋਮੀਟਰ ਦੀ ਵਰਚੂਅਲ ਮੈਰਾਥਨ ਦੌੜ 'ਚ 75 ਸਾਲਾ ਕੁਲਵੰਤ ਸਿੰਘ ਪੁੱਤਰ ਉਜਾਗਰ ਸਿੰਘ, ਪਿੰਡ ਧਰਦਿਉ (ਤਹਿਸੀਲ ਬਾਬਾ ਬਕਾਲਾ ਸਾਹਿਬ) ਨੇ ਦੂਸਰਾ ਸਥਾਨ ਹਾਸਿਲ ਕੀਤਾ ਹੈ | ਅੱਜ ਇੱਥੇ ਇਤਿਹਸਕ ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਪੱੁਜੇ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਫਰਵਰੀ ਮਹੀਨੇ 'ਚ ਅੰਮਿ੍ਤਸਰ ਤੋਂ ਅਟਾਰੀ ਬਾਰਡਰ ਰੋਡ 'ਤੇ 10 ਕਿੱਲੋਮੀਟਰ ਦੀ ਦੌੜ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਸੀ ਅਤੇ ਹੁਣ ਟੀ.ਸੀ.ਐੱਸ. ਵਰਲਡ 10 ਕਿੱਲੋਮੀਟਰ ਬੰਗਲੋਰ-2026 (ਵਰਚੂਅਲ ਈਵੈਂਟ) ਵਿਚ ਦੁਸਰਾ ਸਥਾਨ ਹਾਸਿਲ ਕੀਤਾ ਹੈ | ਕੁਲਵੰਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਦੌੜਾਕ ਬਾਪੂੁ ਫੌਜਾ ਸਿੰਘ ਤੋਂ ਬਹੁਤ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੇ ਆਪਣੀ 90 ਸਾਲ ਦੀ ਉਮਰ 'ਚ ਮੈਰਾਥਨ ਦੌੜ ਰਾਹੀਂ ਜਗਤ ਪ੍ਰਸਿੱਧੀ ਪ੍ਰਾਪਤ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵੀ ਇਸ ਉਮਰ ਵਿਚ ਮੈਰਾਥਨ ਦੌੜ ਵਿਚ ਹਿੱਸਾ ਲੈਣ ਦਾ ਇਕੋ ਮਨੋਰਥ ਹੈ ਕਿ ਅੱਜ-ਕੱਲ੍ਹ ਨੌਜਵਾਨਾਂ ਵਿਚ ਨਸ਼ਿਆਂ ਦਾ ਰੁਝਾਨ ਵੱਧ ਰਿਹਾ ਹੈ ਅਤੇ ਉਹ ਮਿਹਨਤ ਤੋਂ ਕੰਨੀ ਕਤਰਾਉਂਦੇ ਹਨ, ਮੇਰਾ ਸੰਦੇਸ਼ ਹੈ ਕਿ ਨੌਜਵਾਨ ਆਪਣੇ ਸਰੀਰ ਨੂੰ ਕਾਇਮ ਰੱਖਣ ਲਈ ਸੈਰ ਕਰਨ ਅਤੇ ਦੌੜਾਂ 'ਚ ਹਿੱਸਾ ਲੈਣ ਤਾਂ ਜੋ ਤੰਦਰੁਸਤ ਰਹਿ ਕੇ, ਜਿੱਥੇ ਸਰੀਰ ਨੂੰ ਨਰੋਆ ਰੱਖਿਆ ਜਾ ਸਕਦਾ ਹੈ, ਉੱਥੇ ਦੇਸ਼ ਕੌਮ ਦੀ ਸੇਵਾ ਵਿਚ ਵੀ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ |