ਅਟਾਰੀ, 5 ਮਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਸਰਹੱਦੀ ਇਲਾਕੇ ਅਟਾਰੀ ਦੇ ਛੋਟਾ ਬੱਸ ਅੱਡਾ ਦੇ ਨਜਦੀਕ ਪੁਰਾਣੀ ਦਾਣਾ ਮੰਡੀ ਅਟਾਰੀ ਵਿਖੇ ਸ਼ਰਾਬ ਦਾ ਠੇਕਾ ਅਤੇ ਸ਼ਰਾਬ ਪੀਣ ਵਾਲਾ ਅਹਾਤਾ ਬਣਾ ਦਿੱਤਾ ਗਿਆ ਹੈ | ਇਹ ਠੇਕਾ-ਅਹਾਤਾ ਉਸ ਸਥਾਨ 'ਤੇ ਬਣਾਇਆ ਗਿਆ ਜਿੱਥੇ ਐੱਸ. ਸੀ. ਗਰੀਬ ਪਰਿਵਾਰ ਵੱਡੀ ਗਿਣਤੀ ਵਿਚ ਵੱਸਦੇ ਹਨ ਜਿਨ੍ਹਾਂ ਵਲੋਂ ਕਈ ਵਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ | ਕੁੱਲੀ ਯੂਨੀਅਨ ਅਟਾਰੀ ਬਾਰਡਰ ਦੇ ਪ੍ਰਧਾਨ ਮਾਈਕਲ ਵਲੋਂ ਦੱਸਿਆ ਗਿਆ ਕਿ ਐਕਸਾਈਜ ਵਿਭਾਗ ਵਲੋਂ ਕਿਹਾ ਗਿਆ ਸੀ ਕਿ ਠੇਕਾ-ਅਹਾਤਾ ਬੰਦ ਕਰ ਦਿੱਤਾ ਗਿਆ ਹੈ, ਪਰ ਫਿਰ ਇਸ ਨੂੰ ਖੋਲ੍ਹ ਦਿੱਤਾ ਜਾਂਦਾ ਹੈ, ਜਿਸ ਕਾਰਨ ਮੁਹੱਲਾ ਹੀ ਨਹੀਂ ਸਮੂਹ ਕਸਬਾ ਅਟਾਰੀ ਅਤੇ ਪਿੰਡ ਰੋੜਾਂਵਾਲਾ ਦੇ ਲੋਕਾਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਠੇਕਾ ਅਤੇ ਅਹਾਤਾ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ | ਪ੍ਰਧਾਨ ਮਾਈਕਲ, ਸੰਤੋਖ ਸਿੰਘ ਪੱਪੂ, ਸਰਪੰਚ ਹਰਪ੍ਰੀਤ ਸਿੰਘ ਅਟਾਰੀ, ਕਾਮਰੇਡ ਆਗੂ ਅਜਮਤ ਮਸੀਹ, ਦਿਲਬਾਗ ਸਿੰਘ ਪੁਰਾਣੀ ਦਾਣਾ ਮੰਡੀ, ਗੁਰਸਾਹਿਬ ਸਿੰਘ ਡੀ. ਸੀ. ਤੇ ਮੁਹੱਲਾ ਵਾਸੀਆਂ ਦੀ ਅਗਵਾਈ ਹੇਠ ਇਕੱਠੇ ਹੋਏ ਮੁਹਤਬਰ ਵਿਅਕਤੀਆਂ ਵਲੋਂ ਕਿਹਾ ਗਿਆ ਕਿ ਵਾਅਦਾ ਕਰਕੇ ਠੇਕਾ ਤੇ ਅਹਾਤਾ ਬੰਦ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਹ ਸਖਤ ਕਦਮ ਚੁੱਕ ਰਹੇ ਹਨ | ਮਾਈਕਲ ਨੇ ਦੱਸਿਆ ਕਿ ਇਸ ਸੰਬੰਧੀ ਕਈ ਜਥੇਬੰਦੀਆਂ ਨਾਲ ਧਰਨਾ ਲਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਧਰਨਾ ਕੌਮਾਂਤਰੀ ਅਟਾਰੀ-ਵਾਹਗਾ ਹਾਈਵੇ 'ਤੇ ਸਥਿਤ ਬੱਸ ਸਟੈਂਡ ਅਟਾਰੀ ਵਿਖੇ 6 ਤੋਂ 11 ਮਈ ਤੱਕ ਕਿਸੇ ਸਮੇਂ ਵੀ ਲਗਾਇਆ ਜਾ ਸਕਦਾ ਹੈ | ਪ੍ਰਧਾਨ ਮਾਈਕਲ ਨੇ ਦੱਸਿਆ ਕਿ ਇਹ ਠੇਕਾ ਨਾਜਾਇਜ਼ ਤਰੀਕੇ ਨਾਲ ਚੱਲ ਰਿਹਾ ਹੈ | ਇਸ ਸਥਾਨ 'ਤੇ ਠੇਕੇ ਅਤੇ ਅਹਾਤੇ ਦਾ ਨਕਸ਼ਾ ਪਾਸ ਨਹੀਂ ਅਤੇ ਨਾ ਹੀ ਠੇਕੇ ਦਾ ਲਾਈਸੈਂਸ ਰੀਨਿਊ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਕਈ ਵਾਰ ਦਿੱਤੀਆਂ ਗਈਆਂ ਹਨ ਪਰ ਉਹ ਵੀ ਐੱਸ. ਸੀ. ਗ਼ਰੀਬ ਪਰਿਵਾਰਾਂ ਦੀ ਸੁਣਵਾਈ ਨਹੀਂ ਕਰ ਰਹੇ ਸਗੋਂ ਠੇਕੇਦਾਰਾਂ ਦਾ ਹੀ ਸਾਥ ਦੇ ਰਹੇ ਹਨ |